ਤਰਨ ਤਾਰਨ, 12 ਮਾਰਚ (ਹਰਿੰਦਰ ਸਿੰਘ)- ਘਰ 'ਚੋਂ ਸੋਨਾ ਅਤੇ ਵਿਦੇਸ਼ੀ ਡਾਲਰ ਚੋਰੀ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਗੁਰਜਿੰਦਰ ਕੌਰ ਪਤਨੀ ਲੇਟ ਰਸ਼ਪਾਲ ਸਿੰਘ ਵਾਸੀ ਕਿਲਾ ਕਵੀ ਸੰਤੋਖ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰਾ ਛੋਟਾ ਲੜਕਾ ਰਜਿੰਦਰ ਸਿੰਘ ਜੋ ਵਿਦੇਸ਼ ਅਮਰੀਕਾ ਗਿਆ ਹੋਇਆ ਸੀ, ਜੋ ਕਿ 20 ਨਵੰਬਰ 2025 ਨੂੰ ਅਮਰੀਕਾ ਤੋੋਂ ਪਿੰਡ ਆਇਆ ਹੋਇਆ ਸੀ | ਜਿਸਨੇ ਅਮਰੀਕਾ ਤੋਂ ਆਪਣੀ ਵਿਦੇਸ਼ੀ ਕਮਾਈ ਵਿਚੋੋਂ 1500 ਡਾਲਰ ਅਮਰੀਕਾ, 1500 ਡਾਲਰ ਕੈਨੇਡਾ ਅਤੇ 250 ਡਾਲਰ ਆਸਟਰੇਲੀਆ ਦੇ ਅਤੇ ਆਪਣੀ ਪਤਨੀ ਜਸਨਪ੍ਰੀਤ ਕੌਰ ਦੇ ਸੋਨੇ ਦੇ ਗਹਿਣੇ ਜੋ ਕਿ ਕਰੀਬ 14 ਤੋਲੇ ਸੋਨਾ ਮੈਨੂੰ ਦਿੱਤੇ ਸੀ | ਸਾਰਾ ਸੋਨਾ ਅਤੇ ਵਿਦੇਸੀ ਡਾਲਰ ਨੂੰ ਮੈਂ ਆਪਣੇ ਘਰ ਦੇ ਕਮਰੇ ਵਿਚ ਬਣੀ ਲੱਕੜ ਦੀ ਅਲਮਾਰੀ ਵਿਚ ਰੱਖੇ ਸੀ | 7 ਮਾਰਚ 2026 ਨੂੰ ਮੇਰਾ ਵੱਡਾ ਲੜਕਾ ਨੀਲਮਜੀਤ ਸਿੰਘ ਆਪਣੀ ਪਤਨੀ ਗਗਨਦੀਪ ਕੌਰ ਨਾਲ ਆਪਣੇ ਸਹੁਰੇ ਪਿੰਡ ਡੇਡਕੇ ਜ਼ਿਲ੍ਹਾ ਲੁਧਿਆਣਾ ਵਿਖੇ ਗਿਆ ਸੀ ਅਤੇ 8 ਮਾਰਚ ਨੂੰ ਮੈਂ ਅਤੇ ਮੇਰਾ ਛੋਟਾ ਲੜਕਾ ਰਜਿੰਦਰ ਸਿੰਘ ਤੇ ਮੇਰੀ ਨੂੰ ਹ ਜਸਨਪ੍ਰੀਤ ਕੌਰ ਘਰ ਦੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਚੰਡੀਗੜ੍ਹ ਕਿਸੇ ਨਿੱਜੀ ਕੰਮਕਾਰ ਲਈ ਗਏ | ਜਦੋਂ 10 ਮਾਰਚ ਨੂੰ ਘਰ ਆਏ ਤਾਂ ਅਸੀਂ ਦੇਖਿਆ ਕਿ ਸਾਡੇ ਘਰ ਦੇ ਕਮਰੇ ਦੀ ਬਾਰੀ ਵਾਲੀ ਗਰਿੱਲ ਪੁੱਟੀ ਹੋਈ ਸੀ | ਜਦ ਅਸੀਂ ਕਮਰੇ ਵਿਚ ਜਾ ਕੇ ਦੇਖਿਆ ਤਾਂ ਕਮਰੇ ਵਿਚ ਬਣੀ ਲੱਕੜ ਦੀ ਅਲਮਾਰੀ 'ਚੋਂ ਸਮਾਨ ਖਿਲਰਿਆ ਪਿਆ ਸੀ ਅਤੇ ਮੇਰੇ ਵਲੋਂ ਰੱਖਿਆ ਸੋਨਾ ਅਤੇ ਵਿਦੇਸ਼ੀ ਡਾਲਰ ਵੀ ਉੱਥੇ ਨਹੀਂ ਸਨ, ਜਿਸ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ | ਗੁਰਜਿੰਦਰ ਕੌਰ ਨੇ ਦੱਸਿਆ ਕਿ ਚੋਰੀ ਸੰਬੰਧੀ ਮੇਰਾ ਪਰਿਵਾਰ ਆਪਣੇ ਤੌਰ 'ਤੇ ਭਾਲ ਕਰਦੇ ਰਹੇ ਤਾਂ ਮੈਨੂੰ ਪਤਾ ਲੱਗਾ ਹੈ ਕਿ ਮੇਰੇ ਘਰ 'ਚੋੋਂ ਸੋਨਾ ਤੇ ਵਿਦੇਸ਼ੀ ਡਾਲਰ ਚੋਰੀ ਕਰਨ ਵਾਲੇ ਨੀਲਮਜੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਕਿਲ੍ਹਾ ਕਵੀ ਸੰਤੋਖ ਸਿੰਘ ਨੂਰਦੀ ਅਤੇ ਉਸ ਦੀ ਪਤਨੀ ਗਗਨਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੰਦਰ ਸਿੰਘ ਵਾਸੀ ਡੇਡਕੇ ਜ਼ਿਲ੍ਹਾ ਲੁਧਿਆਣਾ ਹਨ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਨੀਲਮਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |