ਚੋਗਾਵਾਂ, 12 ਮਾਰਚ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਵਿਚ ਬੇਮੌਸਮੀ ਮੀਂਹ ਅਤੇ ਗੜ੍ਹੇਮਾਰੀ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਕਣਕ ਦੀ ਖੜੀ ਫ਼ਸਲ ਜ਼ਮੀਨ 'ਤੇ ਵਿਛ ਜਾਣ ਕਰਕੇ ਝਾੜ ਘਟਣ ਤੇ ਦਾਣੇ ਬਦਰੰਗ ਹੋਣ ਦਾ ਭਾਰੀ ਖਦਸ਼ਾ ਹੈ | ਅੱਜ ਸਵੇਰੇ ਤੜਕਸਾਰ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਪ੍ਰੀਤ ਨਗਰ, ਭੀਲੋਵਾਲ ਪੱਕਾ, ਕਾਕੜ ਤਰੀਨ, ਮੁਜ਼ੱਫਰਪੁਰਾ, ਚੂਚਕਵਾਲ, ਤੂਤ ਆਦਿ ਪਿੰਡਾਂ ਵਿਚ ਤੇਜ ਝੱਖੜ ਤੇ ਗੜਿ੍ਹਆਂ ਕਾਰਨ ਕਣਕ ਦੀ ਖੜੀ ਫ਼ਸਲ ਜ਼ਮੀਨ 'ਤੇ ਵਿਛਣ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰ ਦਿੱਤਾ ਹੈ | ਕਿਸਾਨਾਂ ਦੇ ਚਿਹਰੇ ਫਿਕਰਮੰਦੀ ਵਿਚ ਡੁੱਬਣ ਲੱਗੇ ਹਨ | ਇਸ ਮੌਕੇ ਕਿਸਾਨ ਸਕੱਤਰ ਸਿੰਘ ਫੌਜੀ ਚੋਗਾਵਾਂ ਤੇ ਰੇਸ਼ਮ ਸਿੰਘ ਪ੍ਰੀਤ ਨਗਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ |