ਝਬਾਲ, 2 ਅਪ੍ਰੈਲ (ਸਰਬਜੀਤ ਸਿੰਘ)-ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮਿ੍ਤਸਰ ਵਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਹਰਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਨੌਸ਼ਹਿਰਾ ਢਾਲਾ) ਵਿਖੇ ਜਸਪਾਲ ਸਿੰਘ ਢਿੱਲੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਦਮਿੰਦਰ ਸ਼ਰਮਾ ਦੀ ਯੋਗ ਅਗਵਾਈ ਵਿਚ ਸਕੂਲ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਨੌਸ਼ਹਿਰਾ ਢਾਲਾ ਦੇ ਨਾਲ ਲੱਗਦੇ ਗੁਰੂਦੁਆਰਾ ਬਾਬਾ ਜੱਲਣ ਵਿਖੇ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਲੈਣ ਲਈ ਸਮੂਹ ਸਕੂਲ ਸਟਾਫ ਅਤੇ ਬੱਚੇ ਨਤਮਸਤਕ ਹੋਏ | ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨਵੇਂ ਸੈਸ਼ਨ ਦੀ ਆਰੰਭਤਾ ਲਈ ਅਰਦਾਸ ਕੀਤੀ | ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵਲੋਂ ਸਕੂਲ ਦੇ ਪਿ੍ੰਸੀਪਲ ਦਮਿੰਦਰ ਸ਼ਰਮਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਦਮਿੰਦਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਵਿਚ ਚੰਗੇ ਅੰਕ ਲਿਆਉਣ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਵਾਂ ਸੈਸ਼ਨ ਸਾਰੇ ਵਿਦਿਆਰਥੀਆਂ ਲਈ ਨਵੀਆਂ ਚੁਨੌਤੀਆਂ ਅਤੇ ਮੌਕੇ ਲੈ ਕੇ ਆਇਆ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਮਨ ਲਾਉਣ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਕਿਹਾ | ਇਸ ਮੌਕੇ ਸਕੂਲ ਦੇ ਵਾਈਸ ਪਿ੍ੰਸੀਪਲ ਗੁਰਪ੍ਰੀਤ ਕੌਰ ਅਤੇ ਸਾਰਾ ਸਟਾਫ ਮੌਜੂਦ ਸੀ |