ਝਬਾਲ, 3 ਅਪ੍ਰੈਲ (ਸੁਖਦੇਵ ਸਿੰਘ)-ਬੇ ਮੌਸਮੇ ਮੀਂਹ, ਗੜਿਆਂ ਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਕਰਕੇ ਕਿਸਾਨਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ ਅਤੇ ਉਨ੍ਹਾਂ ਚਿਹਰੇ ਮੁਰਝਾਏ ਗਏ ਹਨ | ਤੇਜ਼ ਹਵਾਵਾਂ ਤੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ | ਇਸ ਸੰਬੰਧੀ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਦਵਿੰਦਰ ਕੁਮਾਰ ਸੋਹਲ ਨੇ ਕਿਹਾ ਕਿ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ, ਜੋ ਪੂਰੀ ਜੋਬਨ 'ਤੇ ਸੀ ਅਤੇ ਜਿਸ ਫ਼ਸਲ ਨੂੰ ਲੈ ਕੇ ਉਨ੍ਹਾਂ ਨੇ ਕਈ ਆਸਾਂ ਲਾਈਆਂ ਹੋਈਆਂ ਸਨ, ਪਰ ਹੋਈ ਮੋਹਲੇਧਾਰ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਕਾਫੀ ਨੁਕਸਾਨ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਸਰਕਾਰਾਂ ਦੀ ਬੇਰੁਖੀ ਤੇ ਗ਼ਲਤ ਨੀਤੀਆਂ ਦਾ ਦਰੜਿਆ ਹੋਇਆ ਹੈ | ਕਿਸਾਨਾਂ ਨੇ ਕਰਜ਼ੇ ਚੁੱਕ ਕੇ ਕਣਕ ਦੀ ਫਸਲ ਬੀਜੀ ਸੀ | ਕੁਦਰਤੀ ਆਫਤ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕਰ ਦਿੱਤਾ | ਜੇਕਰ ਇਕ-ਦੋ ਦਿਨ ਹੋਰ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਦੀ ਮੁਸ਼ਕਿਲ ਹੋਰ ਵਧੇਗੀ | ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਖ਼ਰਾਬ ਹੋਈਆਂ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ |