ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਪਿਛਲੇ ਕੁਝ ਦਿਨਾਂ ਤੋਂ ਮੌਸਮ 'ਚ ਆਈ ਅਚਾਨਕ ਤਬਦੀਲੀ ਕਾਰਨ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਉੱਥੇ ਪੰਜਾਬ ਦੇ ਕਈ ਜ਼ਿਲਿ੍ਹਆ ਵਿਚ ਗੜੇ੍ਹਮਾਰੀ ਵੀ ਹੋਈ ਹੈ, ਜਿਸ ਕਾਰਨ ਕਿਸਾਨਾਂ ਦੀ ਪੱਕਣ ਕਿਨਾਰੇ ਖ਼ੜ੍ਹੀ ਕਣਕ ਦੀ ਫਸਲ ਨੂੰ ਵੱਡਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ | ਸ਼ੁੱਕਰਵਾਰ ਸ਼ਾਮ ਨੂੰ ਤਰਨ ਤਾਰਨ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਪਏ ਮੀਂਹ ਕਾਰਨ ਜਿੱਥੇ ਮੌਸਮ ਠੰਢਾ ਹੋ ਗਿਆ, ਉਥੇ ਕਿਸਾਨਾਂ ਦੇ ਚਿਹਰੇ ਮੁਰਚਾਏ ਹੋਏ ਸਨ ਕਿਉਂਕਿ ਅਗਰ ਮੀਂਹ ਜਿਆਦਾ ਦੇਰ ਤੱਕ ਜਾਰੀ ਰਿਹਾ ਤਾਂ ਇਸ ਨਾਲ ਕਣਕ ਦੀ ਫਸਲ ਖ਼ਰਾਬ ਹੋ ਸਕਦੀ ਹੈ, ਜਿਸ ਕਾਰਨ ਕਿਸਾਨ ਮਾਯੂਸ ਦਿਖਾਈ ਦਿੱਤੀ, ਉਥੇ ਕਿਸਾਨਾਂ ਦੇ ਸੂਹ ਵੀ ਸੂਤੇ ਪਏ ਸਨ | ਅਸਮਾਨ ਵਿਚ ਸਾਰਾ ਦਿਨ ਬੱਦਲਵਾਈ ਦੇ ਨਾਲ ਨਾਲ ਬਿਜਲੀ ਵੀ ਕੜਕਦੀ ਰਹੀ ਅਤੇ ਸ਼ਾਮ ਨੂੰ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਕਾਰਨ ਜਿਥੇ ਕਿਸਾਨ ਪ੍ਰੇਸ਼ਾਨ ਸਨ, ਉਥੇ ਦੁਕਾਨਦਾਰ ਵੀ ਪ੍ਰੇਸ਼ਾਨ ਸਨ ਕਿਉਂਕਿ ਬਾਜ਼ਾਰਾਂ ਵਿਚ ਗ੍ਰਾਹਕ ਨਾ ਹੋਣ ਕਾਰਨ ਉਹ ਜਲਦੀ ਹੀ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਅੰਮਿ੍ਤਪਾਲ ਸਿੰਘ ਜੌੜਾ ਨੇ ਦੱਸਿਆ ਕਿ ਇਹ ਮੀਂਹ ਕਣਕ ਦੀ ਫਸਲ ਨੂੰ ਬਹੁਤ ਹੀ ਨੁਕਸਾਨਦੇਹ ਹੈ ਅਤੇ ਕਈ ਇਲਾਕਿਆਂ ਵਿਚ ਗੜੇਮਾਰੀ ਅਤੇ ਮੀਂਹ ਪੈਣ ਕਾਰਨ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਵੀ ਪਹੁੰਚਾ ਹੈ | ਉਨ੍ਹਾਂ ਕਿਹਾ ਕਿ ਅਗਰ ਆਉਣ ਵਾਲੇ ਦਿਨਾਂ ਵਿਚ ਮੀਂਹ ਇਸੇ ਤਰ੍ਹਾਂ ਪੈਂਦਾ ਰਿਹਾ ਹੈ ਤਾਂ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਦਾ ਵੱਡਾ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਫਸਲ ਪੱਕਣ ਕਿਨਾਰੇ ਖੜੀ ਹੋਈ ਹੈ ਪਰ ਮੌਸਮ ਵਿਚ ਆਈ ਅਚਾਨਕ ਤਬਦੀਲੀ ਕਾਰਨ ਪੇ ਰਹੇ ਬੇਮੌਸਮੀ ਮੀਂਹ ਅਤੇ ਗੜੇਮਾਰੀ ਨਾਲ ਫਸਲ ਨੂੰ ਵੱਡਾ ਨੁਕਸਾਨ ਪਹੁੰਚਾ ਹੈ ਅਤੇ ਜੇਕਰ ਮੀਂਹ ਇਸੇ ਤਰ੍ਹਾਂ ਲਗਾਤਾਰ ਪੈਂਦਾ ਰਿਹਾ ਹੈ ਤਾਂ ਫਸਲ ਪੂਰੀ ਤਰ੍ਹਾਂ ਖ਼ਰਾਬ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਸੰਕਟ ਵਿਚੋਂ ਗੁਜਰ ਰਹੇ ਹਨ ਅਤੇ ਕੁਦਰਤੀ ਆਫਤਾਂ ਕਾਰਨ ਕਿਸਾਨਾਂ ਸਿਰ ਕਰਜੇ ਦੀ ਪੰਡ ਹੋਰ ਵੱਧ ਜਾਵੇਗੀ ਅਤੇ ਕਿਸਾਨਾਂ ਲਈ ਵੱਡਾ ਆਰਥਿਕ ਸੰਕਟ ਖੜਾ ਹੋ ਜਾਵੇਗਾ | ਜਿਕਰਯੋਗ ਹੈ ਕਿ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਸਮੇਂ ਦੌਰਾਨ ਮੀਂਹ ਪੈਣ ਦੀ ਸੰਭਵਨਾ ਜਿਤਾਈ ਜਾ ਰਹੀ ਹੈ, ਜਿਸਦੇ ਚੱਲਦਿਆਂ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾਂ ਦੇ ਬੱਦਲ ਸਾਫ ਦਿਖਾਈ ਦੇ ਰਹੇ ਹਨ |