ਤਰਨ ਤਾਰਨ, 3 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਜਗ੍ਹਾ 'ਤੇ ਕੀਤੀ ਕਾਰਵਾਈ ਦੌਰਾਨ 2 ਪਿਸਟਲਾਂ ਅਤੇ ਹੈਰੋਇਨ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਰੋਹੀ ਪੁਲ ਨਜਦੀਕ ਪੀ.ਸੀ.ਏ. ਸਕੂਲ ਤਰਨ ਤਾਰਨ ਵਿਖੇ ਨਾਕਾਬੰਦੀ ਦੌਰਾਨ ਲਖਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਗਲੀ ਬਾਜੀਗਰਾਂ ਮੁਹੱਲਾ ਨਾਨਕਸਰ ਤਰਨ ਤਾਰਨ ਨੂੰ ਕਾਬੂ ਕਰਕੇ ਉਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਆਈ. ਜਸਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਗੋਇੰਦਵਾਲ ਬਾਈਪਾਸ ਤਰਨ ਤਾਰਨ ਨਜ਼ਦੀਕ ਨਾਕਾਬੰਦੀ ਦੌਰਾਨ ਇਕ ਗੱਡੀ ਨੰਬਰ ਪੀ.ਬੀ. 32 ਏ.ਸੀ. 6957 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ | ਜਿਸ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ ਇਕ ਪਿਸਟਲ 32 ਬੋਰ ਸਮੇਤ ਮੈਗਜੀਨ ਬਰਾਮਦ ਹੋਇਆ ਅਤੇ ਵਿਅਕਤੀ ਦੀ ਪਛਾਣ ਗਗਨਪ੍ਰੀਤ ਸਿੰਘ ਪੁੱਤਰ ਮਾਦਨ ਸਿੰਘ ਵਾਸੀ ਪਿੰਡ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ | ਇਸੇ ਤਰ੍ਹਾਂ ਥਾਣਾ ਸਦਰ ਤਰਨ ਤਾਰਨ ਦੇ ਏ.ਐੱਸ.ਆਈ. ਸੁਖਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸਮਸ਼ਾਨਘਾਟ ਪਿੰਡ ਬਾਕੀਪੁਰ ਤੋਂ ਸਮਸ਼ੇਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਭੈਣੀ ਮੱਟੂਆਂ ਨੂੰ ਕਾਬੂ ਕਰਕੇ ਉਸ ਪਾਸੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਸਰਹਾਲੀ ਦੇ ਏ.ਐੱਸ.ਆਈ. ਵਰਿਆਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਜਦੀਕ ਪੁੱਲ ਸੂਆ ਨੰਦਪੁਰ ਵਿਖੇ ਗਸ਼ਤ ਦੌਰਾਨ ਸਰਬਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸਰਹਾਲੀ ਨੂੰ ਕਾਬੂ ਕਰਕੇ ਉਸ ਪਾਸੋਂ 7 ਗ੍ਰਾਮ ਹੈਰੋਇਨ, ਇਕ ਇਲੈਕਟ੍ਰੋਨਿਕ ਕੰਡਾ ਅਤੇ 600 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਦੇ ਏ.ਐੱਸ.ਆਈ. ਕੁਲਵਿੰਦਰਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਲਿੰਕ ਸੜਕ ਸੂਆ ਪੂਹਲਾ ਤੋਂ ਨਾਕਾਬੰਦੀ ਦੌਰਾਨ ਸ਼ਰਨਜੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਮਾੜੀਮੇਘਾ, ਸੁਖਮਨਪ੍ਰਈਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਤਲਵੰਡੀ ਭਿੰਡਰ ਜ਼ਿਲ੍ਹਾ ਬਟਾਲਾ ਨੂੰ ਕਾਬੂ ਕਰੇਕ ਉਨ੍ਹਾਂ ਪਾਸੋਂ 100 ਗ੍ਰਾਮ ਹੈਰੋਇਨ,ਇਕ ਪਿਸਟਲ ਸਮੇਤ ਮੈਗਜੀਨ ਬਰਾਮਦ ਕੀਤਾ ਗਿਆ ਹੈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਖਿਲਾਫ਼ ਅਸਲਾ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |