15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਿੰਡ ਚੂਸਲੇਵੜ ਦੇ ਛੱਪੜ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਗੰਭੀਰ-ਗੰਦੇ ਪਾਣੀ ਤੇ ਬਦਬੂ ਕਾਰਨ ਪਿੰਡ ਵਾਸੀ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 05-04-2026
ਪੱਟੀ, 4 ਅਪ੍ਰੈਲ (ਅਵਤਾਰ ਸਿੰਘ ਖਹਿਰਾ)-ਮਸ਼ਹੂਰ ਪਿੰਡ ਚੂਸਲੇਵੜ ਜੋ ਸ਼ਹਿਰ ਪੱਟੀ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ, ਅੱਜ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ | ਲਗਪਗ 5 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿਚ ਲੋਕ ਅੱਜ ਵੀ ਸਾਫ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ | ਰਾਧਾ ਸਵਾਮੀ ਸੰਤ ਬਾਬਾ ਬੱਗਾ ਸਿੰਘ, ਮਹਾਨ ਤਪੱਸਵੀ ਬਾਬਾ ਗੁੱਜਰ ਸਿੰਘ, ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਪਿ੍ੰਸੀਪਲ ਸਵਰਗੀ ਸਵਰਨ ਸਿੰਘ ਚੂਸਲੇਵੜ, ਅੰਤਰਰਾਸ਼ਟਰੀ ਪਹਿਲਵਾਨ ਸੁਰਿੰਦਰ ਸਿੰਘ ਸ਼ਿੰਦਾ, ਅੰਤਰਰਾਸ਼ਟਰੀ ਖਿਡਾਰੀ ਸਵਰਗੀ ਜੁਗਰਾਜ ਸਿੰਘ ਖਹਿਰਾ, ਸਵਰਗੀ ਸਰਪੰਚ ਦਰਿਆਫਤ ਸਿੰਘ, ਪਹਿਲਵਾਨ ਹਰਬੰਸ ਸਿੰਘ, ਅੰਤਰਰਾਸ਼ਟਰੀ ਖਿਡਾਰੀ ਡੀ.ਐੱਸ.ਪੀ. ਬਲਰਾਜ ਸਿੰਘ ਖਹਿਰਾ, ਪਹਿਲਵਾਨ ਜੱਸਾ ਪੱਟੀ, ਥਾਣੇਦਾਰ ਜੋਗਾ ਸਿੰਘ, ਖਜਾਨਾ ਅਫਸਰ ਸਵਰਗੀ ਰਜਵੰਤ ਸਿੰਘ ਖਹਿਰਾ, ਵਰਗੀਆਂ ਸ਼ਖ਼ਸੀਅਤਾਂ ਦੇ ਜੱਦੀ ਪਿੰਡ ਵਜੋਂ ਮਸ਼ਹੂਰ ਪਿੰਡ ਚੂਸਲੇਵੜ ਵਿਚ ਮੌਜੂਦ ਵੱਡਾ ਛੱਪੜ ਜਿਸ ਵਿਚ ਪੂਰੇ ਪਿੰਡ ਦਾ ਗੰਦਾ ਪਾਣੀ ਇਕੱਠਾ ਹੋ ਰਿਹਾ ਹੈ, ਹੁਣ ਬਿਮਾਰੀਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ | ਪਿੰਡ ਵਾਸੀਆਂ ਅਨੁਸਾਰ ਵੱਖ-ਵੱਖ ਸਮਿਆਂ ਦੀਆਂ ਸਰਕਾਰਾਂ ਨੇ ਛੱਪੜ ਦੇ ਨਾਮ 'ਤੇ ਸਿਆਸਤ ਤਾਂ ਕੀਤੀ ਪਰ ਇਸ ਦੀ ਸਫਾਈ ਵੱਲ ਕੋਈ ਗੰਭੀਰ ਕਦਮ ਨਹੀਂ ਚੁੱਕਿਆ ਗਿਆ | ਛੱਪੜ ਦੀ ਡੂੰਘਾਈ ਅਤੇ ਗੰਦੇ ਪਾਣੀ ਕਾਰਨ ਪਹਿਲਾਂ ਵੀ ਕਈ ਬੇਜ਼ੁਬਾਨ ਪਸ਼ੂਆਂ ਸਮੇਤ ਇਕ ਨੌਜਵਾਨ ਦੀ ਡੁੱਬਣ ਨਾਲ ਮੌਤ ਹੋ ਚੁੱਕੀ ਹੈ | ਜਾਣਕਾਰੀ ਮੁਤਾਬਕ ਸਾਲ 2015 ਦੇ ਕਰੀਬ ਅਕਾਲੀ ਸਰਕਾਰ ਦੇ ਦੌਰਾਨ ਇਸ ਛੱਪੜ ਨੂੰ ਡੂੰਘਾ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਸੀ | ਦਾਅਵਾ ਕੀਤਾ ਗਿਆ ਸੀ ਕਿ ਛੱਪੜ ਨੂੰ ਲਗਭਗ 10-15 ਫੁੱਟ ਤੱਕ ਡੂੰਘਾ ਕੀਤਾ ਜਾਵੇਗਾ ਪਰ ਕੁਝ ਮੋਹਤਬਰਾਂ ਵਲੋਂ ਮਿੱਟੀ ਵੇਚਣ ਕਾਰਨ ਇਹ ਛੱਪੜ ਲਗਪਗ 50 ਫੁੱਟ ਤੋਂ ਵੱਧ ਡੂੰਘਾ ਹੋ ਗਿਆ | ਬਾਅਦ ਵਿਚ ਕਾਂਗਰਸ ਸਰਕਾਰ ਦੇ ਸਮੇਂ ਸੀਚੇਵਾਲ ਮਾਡਲ ਤਹਿਤ ਕਰੀਬ ਇਕ ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਜੈਕਟ ਤਿਆਰ ਕਰਕੇ ਪਿੰਡ ਵਿਚ ਸੀਵਰੇਜ ਪਾਇਆ ਗਿਆ ਅਤੇ ਸਾਰੇ ਪਿੰਡ ਦਾ ਗੰਦਾ ਪਾਣੀ ਇਸ ਛੱਪੜ ਵਿਚ ਲਿਆਂਦਾ ਗਿਆ | ਯੋਜਨਾ ਇਹ ਸੀ ਕਿ ਇਸ ਪਾਣੀ ਨੂੰ ਸਾਫ ਕਰਕੇ ਪਾਈਪ ਲਾਈਨਾਂ ਰਾਹੀਂ ਖੇਤਾਂ ਵਿਚ ਸਿੰਚਾਈ ਲਈ ਵਰਤਿਆ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਅਤੇ ਫਸਲਾਂ ਦੀ ਪੈਦਾਵਾਰ ਵਿਚ ਵਾਧਾ ਹੋਵੇਗਾ ਪਰ ਕੁਝ ਸਮੇਂ ਬਾਅਦ ਸੋਲਰ ਸਿਸਟਮ ਨਾਲ ਲਗਾਇਆ ਗਿਆ ਟਿਊਬਵੈੱਲ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ ਅਤੇ ਖੇਤਾਂ ਤੱਕ ਪਾਈਪ ਲਾਈਨਾਂ ਵੀ ਨਹੀਂ ਪਾਈਆਂ ਗਈਆਂ | ਜਿਸ ਕਾਰਨ ਗੰਦਾ ਪਾਣੀ ਛੱਪੜ ਵਿਚ ਹੀ ਇਕੱਠਾ ਹੋਣਾ ਸ਼ੁਰੂ ਹੋ ਗਿਆ | ਡੂੰਘਾਈ ਵੱਧ ਹੋਣ ਕਾਰਨ ਇਹ ਪਾਣੀ ਜ਼ਮੀਨ ਵਿਚ ਰਿਸ ਕੇ ਲੋਕਾਂ ਦੇ ਟਿਊਬਵੈੱਲਾਂ ਅਤੇ ਨਲਕਿਆਂ ਦੇ ਪਾਣੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਜਿਸ ਨਾਲ ਕਈ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਪਾਣੀ ਦੀ ਡੂੰਘਾਈ ਅਤੇ ਬੂਟੀਆਂ ਵਧ ਜਾਣ ਕਾਰਨ ਕਈ ਪਸ਼ੂ ਵੀ ਇਸ ਵਿਚ ਡੁੱਬ ਕੇ ਮਰ ਚੁੱਕੇ ਹਨ | ਕੁਝ ਸਮਾਂ ਪਹਿਲਾਂ ਪੰਚਾਇਤ ਦੇ ਮੈਂਬਰ ਸੁਰਿੰਦਰ ਸਿੰਘ ਦਾ ਕੀਮਤੀ ਘੋੜਾ ਵੀ ਇਸ ਡੂੰਘੇ ਪਾਣੀ ਦੀ ਭੇਟ ਚੜ੍ਹ ਗਿਆ ਸੀ | ਦੂਜੇ ਪਾਸੇ ਪਿੰਡ ਵਿੱਚ ਬਣੀ ਪਾਣੀ ਵਾਲੀ ਟੈਂਕੀ ਜੋ ਲਗਪਗ 1988 ਦੇ ਕਰੀਬ ਬਣੀ ਸੀ, ਕੰਡਮ ਹੋ ਚੁੱਕੀ ਹੈ, ਜਿਸ ਕਾਰਨ ਪਿੰਡ ਦੇ ਬਹੁਤੇ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਮੁਹੱਈਆ ਨਹੀਂ ਹੋ ਰਿਹਾ ਅਤੇ ਸੰਬੰਧਿਤ ਮਹਿਕਮੇ ਵੀ ਇਸ ਮਸਲੇ ਵੱਲ ਕੋਈ ਖਾਸ ਤਵੱਜੋਂ ਨਹੀਂ ਦੇ ਰਹੇ | ਪਿੰਡ ਵਾਸੀਆਂ ਸੁਰਿੰਦਰ ਸਿੰਘ, ਸੁਰਜਨ ਸਿੰਘ, ਪ੍ਰਗਟ ਸਿੰਘ, ਜਸਬੀਰ ਸਿੰਘ, ਜੋਗਾ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ ਆਦਿ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਛੱਪੜ ਦੀ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਪੁਰਾਣੀ ਪਾਣੀ ਟੈਂਕੀ ਨੂੰ ਨਵਾਂ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਅਨੰਤਬੀਰ ਸਿੰਘ ਨੇ ਪਾਵਰ ਲਿਫਟਿੰਗ 'ਚ ਗੋਲਡ ਮੈਡਲ ਜਿੱਤਿਆ <br/> ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਪਿੰਡ ਇਕਾਈ ਦੀ ਚੋਣ <br/>
Ad Position 24