ਜੰਡਿਆਲਾ ਗੁਰੂ, 4 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵਲੋਂ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਨਵਾਂ ਕੋਟ, ਵਡਾਲਾ ਜੌਹਲ, ਮੱਖਣ ਵਿੰਡੀ, ਬਾਬਾ ਜੱਸ ਹਵੇਲੀਆਂ ਵਿਖੇ ਲੋਕਾਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਚਾਰ ਸਾਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬੇ ਨੇ ਆਪਣੇ ਵਾਸੀਆਂ ਲਈ 10 ਲੱਖ ਰੁਪਏ ਤੱਕ ਸਿਹਤ ਬੀਮਾ ਸ਼ੁਰੂ ਕੀਤਾ ਹੈ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪਹਿਲੇ ਸਾਲ ਤੋਂ ਹੀ ਲੋਕਾਂ ਨਾਲ ਕੀਤੀਆਂ ਗਰੰਟੀਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਸੀ | ਪੰਜਾਬ ਸਰਕਾਰ ਦੇ ਸ਼ਾਨਦਾਰ ਚਾਰ ਸਾਲ ਪੂਰੇ ਹੋਣ 'ਤੇ ਸ: ਈ.ਟੀ.ਓ. ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਨ੍ਹਾਂ ਚਾਰ ਸਾਲਾਂ ਦੌਰਾਨ ਸਿਹਤ, ਸਿੱਖਿਆ, ਰੁਜ਼ਗਾਰ ਉਦਯੋਗਿਕ ਵਿਕਾਸ, ਬੁਨਿਆਦੀ ਢਾਂਚੇ ਵਿਚ ਵੱਡੇ ਬਦਲਾਅ ਲਿਆਂਦੇ ਗਏ ਹਨ | ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਆਰਥਿਕ ਮਜਬੂਤੀ ਲਈ ਜਰਨਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਐਸ.ਸੀ ਵਰਗ ਦੀਆਂ ਔਰਤਾਂ ਲਈ 1500 ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਅਤੇ ਸਿੱਖਿਆ ਦੇ ਖੇਤਰ ਵਿਚ ਕਰੋੜਾਂ ਰੁਪਏ ਖਰਚ ਕੇ ਵੱਡੇ ਸੁਧਾਰ ਕਰਦਿਆਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ ਅਤੇ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਵੀ ਸਾਰੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ | ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਅਤੇ ਬਿਨਾਂ ਕਿਸੇ ਸਿਫਾਰਿਸ਼ ਦੇ ਨੌਕਰੀਆਂ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਕਰੋੜਾਂ ਰੁਪਏ ਖਰਚ ਕੇ ਸੜਕਾਂ ਦਾ ਨਵੀਨੀਕਰਨ, ਪੁੱਲਾਂ ਦੀ ਉਸਾਰੀ ਅਤੇ ਹੋਰ ਵੱਡੇ ਪ੍ਰੋਜੈਕਟਾਂ 'ਤੇ ਕੰਮ ਕਰਕੇ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਗਿਆ ਹੈ | ਇਸ ਮੌਕੇ ਬਲਾਕ ਪ੍ਰਧਾਨ, ਬਲਾਕ ਸੰਮਤੀ ਮੈਂਬਰ ਬਲਰਾਜ ਸਿੰਘ, ਚੇਅਰਮੈਨ ਸੂਬੇਦਾਰ ਛਨਾਖ ਸਿੰਘ, ਸਰਪੰਚ ਸੁੰਦਰ ਸਿੰਘ ਮੱਖਣਵਿੰਡੀ, ਸਰਪੰਚ ਪਿੰਡ ਵਡਾਲਾ ਜੌਹਲ ਜਗਜੀਤ ਸਿੰਘ, ਸਰਪੰਚ ਪਿੰਡ ਨਵਾਂ ਕੋਟ, ਹਰਜਿੰਦਰ ਸਿੰਘ, ਜਗਤਾਰ ਸਿੰਘ ਤੇ ਹਾਜ਼ਰ ਸਨ |