ਤਰਨ ਤਾਰਨ, 5 ਅਪ੍ਰੈਲ (ਇਕਬਾਲ ਸਿੰਘ ਸੋਢੀ)-ਪੈਨਸ਼ਨਰਜ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀੲਸ਼ਨ ਤਰਨ ਤਾਰਨ ਮੀਟਿੰਗ ਅਜੀਤ ਸਿੰਘ ਫ਼ਤਿਹਚੱਕ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਸਟੇਜ ਸਕੱਤਰ ਸਵਰਨ ਸਿੰਘ ਖਡੂਰ ਸਾਹਿਬ ਨੇ ਮੀਟਿੰਗ ਲਈ ਆਏ ਪੈਨਸ਼ਨਰਜ਼ ਨੂੰ ਜੀ ਆਇਆਂ ਆਖਿਆ ਅਤੇ ਮੀਟਿੰਗ ਦਾ ਏਜੰਡਾ ਦੱਸਿਆ | ਉਨ੍ਹਾਂ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਬੇਰੁਖ਼ੀ ਵਾਲੀ ਨੀਤੀ ਦੀ ਨਿੰਦਿਆ ਕੀਤੀ ਅਤੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ | ਬੁਲਾਰਿਆਂ ਵਿਚੋਂ ਸਰਪ੍ਰਸਤ ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰਾ ਅਤੇ ਜਗਤਾਰ ਸਿੰਘ ਸਰਲੀ, ਤਹਿਸੀਲ ਪ੍ਰਧਾਨ ਧਰਮ ਸਿੰਘ ਖਡੂਰ ਸਾਹਿਬ ਅਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ, ਅਰਜਨ ਸਿੰਘ ਆਦਿ ਨੇ ਸਰਕਾਰ ਦੀ ਟਾਲਮਟੌਲ ਅਤੇ ਸਮਾਂ ਲੰਘਾਉਣ ਵਾਲੀ ਨੀਤੀ ਬਾਰੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਦੱਸਿਆ ਕਿ ਬਜ਼ੁਰਗ ਪੈਨਸ਼ਨਰਜ਼ ਆਪਣੀਆਂ ਅਰਸੇ ਤੋਂ ਲਮਕੀਆਂ ਮੰਗਾਂ ਵਿਸ਼ੇਸ਼ ਕਰਕੇ ਬਕਾਏ ਅਤੇ ਮਹਿੰਗਾਈ ਭੱਤਾ 16 ਫ਼ੀਸਦੀ ਉਚ ਅਧਿਕਾਰੀਆਂ ਨਾਲੋਂ ਘੱਟ ਮਿਲਣ ਕਾਰਨ ਡਾਹਢੇ ਖਫਾ ਹਨ | ਉਨ੍ਹਾਂ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿਚ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਪ੍ਰਤੀ ਧਾਰੀ ਸਾਜਿਸ਼ੀ ਚੁੱਪ ਦੀ ਤਿੱਖੀ ਨਿਖੇਧੀ ਕੀਤੀ ਅਤੇ ਬਜਟ ਸਿਰਫ਼ ਤੇ ਸਿਰਫ਼ ਖਾਲੀ ਪੀਪਾ ਦੱਸਿਆ, ਕਿਉਂਕਿ ਇਸ ਬਜਟ ਵਿਚ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਦੇਣ ਲਈ ਕੁਝ ਵੀ ਨਹੀਂ ਰੱਖਿਆ ਗਿਆ | ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਅਦਾਲਤ ਦੀ ਹਦਾਇਤ ਤਹਿਤ ਉਨ੍ਹਾਂ ਬਕਾਏ ਅਦਿ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ | ਉਨ੍ਹਾਂ ਪੰਜਾਬ ਸਰਕਾਰ ਦੇ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਜਾਰੀ ਸਕੀਮ ਨੂੰ ਅਣਉਚਿਤ ਦੱਸਿਆ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪ੍ਰਾਈਵੇਟ ਹਸਪਤਾਲ ਵਾਲੇ ਇਸ ਨੂੰ ਕੁਝ ਨਹੀਂ ਸਮਝਦੇ ਅਤੇ ਮੁਫ਼ਤ ਇਲਾਜ ਕਰਨ ਤੋਂ ਸਾਫ਼ ਇਨਕਾਰ ਕਰ ਰਹੇ ਹਨ | ਇਸ ਮੌਕੇ ਕੁਲਦੀਪ ਸਿੰਘ, ਸੁਰਿੰਦਰ ਸਿੰਘ, ਹਰਸੁਖਦੇਵ ਸਿੰਘ, ਕੁਲਵੰਤ ਸਿੰਘ, ਪਿ੍ਤਪਾਲ ਸਿੰਘ, ਚਰਨਜੀਤ ਸਿੰਘ, ਲਾਲ ਸਿੰਘ ਅਤੇ ਹਰਜੀਤ ਸਿੰਘ ਵਿਰਕ, ਰਕੇਸ਼ ਕੁਮਾਰ ਸ਼ਰਮਾ, ਦਲੀਪ ਕੁਮਾਰ, ਕਰਨ ਸਿੰਘ, ਰਸ਼ਪਾਲ ਸਿੰਘ ਰੰਧਾਵਾ, ਅਜੀਤ ਰਾਏ, ਬਲਰਾਮ ਕੁਮਾਰ, ਪਿ੍ਥੀਪਾਲ ਸਿੰਘ, ਪ੍ਰੇਮ ਪ੍ਰਕਾਸ਼, ਦਲਬੀਰ ਸਿੰਘ, ਜਸਬੀਰ ਸਿੰਘ, ਲਖਬੀਰ ਸਿੰਘ, ਮੋਤਾ ਸਿੰਘ, ਸਰਦਾਰਾ ਸਿੰਘ, ਪ੍ਰਵੀਨ ਕੁਮਾਰ, ਸਰਵਨਜੀਤ ਸਿੰਘ, ਗੁਰਮੁੱਖ ਸਿੰਘ, ਸਰੂਪ ਸਿੰਘ, ਹਰਭਜਨ ਸਿੰਘ, ਮਹਿੰਦਰ ਕੌਰ, ਹਰਿੰਦਰ ਕੌਰ ਆਦਿ ਨੇ ਉਤਸ਼ਾਹ ਨਾਲ ਭਾਗ ਲਿਆ |