ਤਰਨ ਤਾਰਨ, 5 ਅਪ੍ਰੈਲ (ਹਰਿੰਦਰ ਸਿੰਘ)-ਤਰਨ ਤਾਰਨ ਦੇ ਵੱਖ ਵੱਖ ਥਾਣਿਆਂ ਦੀ ਪੁਲਿਸ ਵਲੋਂ ਹੈਰੋਇਨ, ਨਾਜਾਇਜ਼ ਸ਼ਰਾਬ, ਡਰੱਗ ਮਨੀ, ਨਾਜਾਇਜ਼ ਸ਼ਰਾਬ, ਲਾਹਣ ਸਮੇਤ 11 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ ਤਰਨ ਤਾਰਨ ਣੇ ਐਚ.ਸੀ. ਗੁਰਦੇਵ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਜਸਬੀਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਕੋਟ ਮੁਹੰਮਦ ਖਾਂ ਹਾਲ ਵਾਸੀ ਗਲੀ ਗੁਰਦਿੱਤ ਸਿੰਘ ਵਾਲੀ ਮੁਹੱਲਾ ਗੁਰੂ ਕਾ ਖ਼ੂਹ ਤਰਨ ਤਾਰਨ ਨੂੰ ਕਾਬੂ ਕਰਕੇ ਉਸ ਕੋਲੋਂ 10 ਗ੍ਰਾਮ ਹੈਰੋਇਨ ਅਤੇ 2590 ਰੁਪਏ ਡਰੱਗ ਮਨੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ | ਥਾਣਾ ਸਿਟੀ ਤਰਨ ਤਾਰਨ ਦੇ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਗਸ਼ਤ ਦੌਰਾਨ ਜਸਬੀਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮੁਹੱਲਾ ਜੱਸੇ ਵਾਲਾ ਤਰਨ ਤਾਰਨ ਨੂੰ ਕਾਬੂ ਥਰਕੇ ਉਸ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਇਸ ਤੋਂ ਇਲਾਵਾ ਥਾਣਾ ਸਦਰ ਤਰਨ ਤਾਰਨ ਦੇ ਏ.ਐਸ.ਆਈ. ਹਰਪ੍ਰੀਤ ਸਿੰਘ ਨੇ ਗਸ਼ਤ ਦੌਰਾਨ ਵਿਸ਼ਾਲ ਸਿੰਘ ਉਰਫ਼ ਕੁਲਚਾ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਪੱਖੋਕੇ ਨੂੰ 11,250 ਮਿ.ਲੀ. ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਇਸੇ ਤਰ੍ਹਾਂ ਥਾਣਾ ਗੋਇੰਦਵਾਲ ਸਾਹਿਬ ਦੇ ਏ.ਐਸ.ਆਈ. ਜਸਪਾਲ ਸਿੰਘ ਗਸ਼ਤ ਦੇ ਸੰਬੰਧ ਵਿਚ ਸਮਸ਼ਾਨਘਾਟ ਖਡੂਰ ਸਾਹਿਬ ਪੁੱਜੇ ਤਾਂ ਸਮਸ਼ਾਨਘਾਟ ਦੇ ਦਰਵਾਜ਼ੇ ਵਿਚੋਂ ਦੋ ਨੌਜਵਾਨ ਬਾਹਰ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜ ਗਏ, ਜਿੰਨਾਂ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰਕੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 13 ਗ੍ਰਾਮ 53 ਮਿ.ਲੀ. ਗ੍ਰਾਮ ਹੈਰੋਇਨ ਅਤੇ 1300 ਰੁਪਏ ਡਰੱਗ ਮਨੀ ਬਰਾਮਦ ਹੋਈ | ਫੜੇ ਗਏ ਨੌਜਵਾਨਾਂ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਖਡੂਰ ਸਾਹਿਬ ਅਤੇ ਪਰਮਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਸ਼ਾਹਬਾਜਪੁਰ ਵਜੋਂ ਹੋਈ | ਇਸ ਤੋਂ ਇਲਾਵਾ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ. ਜਸਪਾਲ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਜਗਰੂਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਾੜੀ ਗੌੜ ਸਿੰਘ ਦੇ ਘਰ ਛਾਪਾ ਮਾਰ ਕੇ ਉਥੋਂ 50 ਕਿੱਲੋ ਲਾਹਣ ਬਰਾਮਦ ਕੀਤੀ | ਜਗਰੂਪ ਸਿੰਘ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ | ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਖੇਮਕਰਨ ਦੇ ਏ.ਐਸ.ਆਈ. ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਇੱਟਾਂ ਵਾਲਾ ਭੱਠਾ ਭੂਰਾ ਕੋਹਨਾ ਦੇ ਨਜ਼ਦੀਕ ਮੌਜੂਦ ਸਨ ਤਾਂ ਪਿੰਡ ਮਸਤਗੜ੍ਹ ਦੀ ਤਰਫ਼ੋਂ ਇਕ ਮੋਨਾ ਨੌਜਵਾਨ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਨੂੰ ਦੇਖ ਕੇ ਆਪਣੀ ਜੇਬ ਵਿਚੋਂ ਨਿਕ ਮੋਮੀ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ | ਸ਼ੱਕ ਪੈਣ 'ਤੇ ਪੁਲਿਸ ਨੇ ਉਸ ਕਾਬੂ ਕਰ ਲਿਆ ਅਤੇ ਉਸ ਵਲੋਂ ਸੁੱਟੇ ਹੋਏ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਨੌਜਵਾਨ ਦੀ ਪਛਾਣ ਨਿਰਮਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਸਤਗੜ੍ਹ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਹਰੀਕੇ ਦੇ ਸਬ ਇੰਸਪੈਕਟਰ ਐਸ.ਐਚ.ਓ. ਬਲਬੀਰ ਸਿੰਘ ਗਸ਼ਤ ਦੇ ਸੰਬੰਧ ਵਿਚ ਦਾਣਾ ਮੰਡੀ ਹਰੀਕੇ ਵਿਖੇ ਮੌਜੂਦ ਸਨ ਤਾਂ ਇਕ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ਵਿਚੋਂ ਮੋਮੀ ਲਿਫਾਫਾ ਸੁੱਟ ਕੇ ਖਿਸਕਣ ਲੱਗਾ | ਪੁਲਿਸ ਪਾਰਟੀ ਵਲੋਂ ਸ਼ੱਕ ਪੈਣ 'ਤੇ ਉਸ ਵਲੋਂ ਸੁੱਟੇ ਹੋਏ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 6 ਗ੍ਰਾਮ 96 ਮਿ.ਲੀ. ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਨੌਜਵਾਨ ਦੀ ਪਛਾਣ ਅੰਮਿ੍ਤਪਾਲ ਸਿੰਘ ਉਰਫ਼ ਬਾਬਾ ਪੁੱਤਰ ਕੁਲਦੀਪ ਸਿੰਘ ਵਾਸੀ ਟਾਵਰ ਮੁਹੱਲਾ ਹਰੀਕੇ ਵਜੋਂ ਹੋਈ | ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਕਾਰਵਾਈਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਅਤੇ ਇਸ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ |