ਝਬਾਲ, 5 ਅਪ੍ਰੈਲ (ਸਰਬਜੀਤ ਸਿੰਘ)-ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਅਤੇ ਐਮ.ਐਮ.ਏ. ਲਾਇਨਜ਼ ਕਲੱਬ ਬਰਮਿੰਘਮ ਵਲੋਂ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ (ਤਰਨ ਤਾਰਨ) ਵਿਖੇ ਮਿਤੀ 6 ਅਪ੍ਰੈਲ ਤੋਂ 10 ਅਪ੍ਰੈਲ ਤੱਕ ਦਸਵਾਂ 'ਗੁਰਮਤਿ ਟ੍ਰੇਨਿੰਗ ਕੈਂਪ' ਲਗਾਇਆ ਜਾ ਰਿਹਾ ਹੈ | 'ਗੁਰਮਤਿ ਟ੍ਰੇਨਿੰਗ ਕੈਂਪ' ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਹਾਇਕ ਡਾਇਰੈਕਟਰ (ਸਕੂਲਜ਼) ਮੈਡਮ ਸਤਵੰਤ ਕੌਰ ਵਲੋਂ ਸਕੂਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਪਿ੍ੰਸੀਪਲ ਡਾ. ਤਰਨਜੀਤ ਸਿੰਘ ਅਤੇ ਸਮੂਹ ਸਕੂਲ ਸਟਾਫ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ | ਮੀਟਿੰਗ ਦੌਰਾਨ ਮੈਡਮ ਸਤਵੰਤ ਕੌਰ ਵਲੋਂ ਕੈਂਪ ਦੇ ਸੁਚੱਜੇ ਪ੍ਰਬੰਧਾਂ, ਵਿਦਿਆਰਥੀਆਂ ਦੇ ਰਹਿਣ-ਸਹਿਣ ਅਤੇ ਆਧਿਆਤਮਿਕ ਸਿੱਖਿਆ ਨਾਲ ਸੰਬੰਧਿਤ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਨੇ ਸਮੂਹ ਸਟਾਫ ਨੂੰ ਗੁਰਮਤਿ ਟ੍ਰੇਨਿੰਗ ਕੈਂਪ ਨੂੰ ਸਫ਼ਲ ਬਣਾਉਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ-ਕੀਮਤਾਂ, ਸਿੱਖੀ ਸਿਧਾਂਤਾਂ ਅਤੇ ਅਨੁਸ਼ਾਸਨ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰੀਤ-ਰਿਵਾਜਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਉਹ ਇੱਕ ਚੰਗੇ ਇਨਸਾਨ ਅਤੇ ਜਿੰਮੇਵਾਰ ਨਾਗਰਿਕ ਬਣ ਸਕਣ | ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਯਕੀਨ ਦਿਵਾਇਆ ਗਿਆ ਕਿ ਕੈਂਪ ਨੂੰ ਸਫਲ ਅਤੇ ਯਾਦਗਾਰ ਬਣਾਉਣ ਲਈ ਸਿਰਤੋੜ ਯਤਨ ਕੀਤਾ ਜਾਵੇਗਾ | ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਡਾ. ਤਰਨਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 15 ਸਕੂਲਾਂ ਦੇ 1000 ਤੋਂ ਉੱਪਰ ਵਿਦਿਆਰਥੀ (ਲੜਕੇ ਤੇ ਲੜਕੀਆਂ) ਭਾਗ ਲੈਣਗੇ | ਕੈਂਪ ਦੀ ਸ਼ੁਰੂਆਤ ਰੋਜ਼ਾਨਾ ਨਿਤਨੇਮ ਤੋਂ ਹੋਵੇਗੀ, ਉਪਰੰਤ ਕਲੱਬ ਵਲੋਂ ਬਣਾਏ ਗਏ ਟਾਈਮ ਟੇਬਲ ਅਨੁਸਾਰ ਸੈਸ਼ਨ ਹੋਣਗੇ ਅਤੇ ਅਖੀਰ ਵਿਚ ਸ਼ਾਮ ਦੇ ਦੀਵਾਨ ਨਾਲ ਸਮਾਪਤੀ ਹੋਵੇਗੀ | ਪਿ੍ੰਸੀਪਲ ਡਾ. ਤਰਨਜੀਤ ਸਿੰਘ ਨੇ ਇਹ ਵੀ ਆਖਿਆ ਕਿ ਵਿਦਿਆਰਥੀ ਤੇ ਸਟਾਫ਼ ਦੀ ਸਹੂਲਤ ਲਈ ਲੰਗਰ ਤੇ ਰਿਹਾਇਸ਼ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ | ਕੈਂਪ ਦੌਰਾਨ ਵਿਦਿਆਰਥੀਆਂ ਦੇ ਸ਼ਬਦ ਕੀਰਤਨ, ਕਵਿਤਾ, ਕਵੀਸ਼ਰੀ, ਆਰਟ ਆਦਿ ਮੁਕਾਬਲੇ ਵੀ ਕਰਵਾਏ ਜਾਣਗੇ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ |