ਰਾਜਾਸਾਂਸੀ, 5 ਅਪ੍ਰੈਲ (ਹਰਦੀਪ ਸਿੰਘ ਖੀਵਾ)-ਪਿੰਡ ਮੁਰਾਦਪੁਰਾ ਦੇ ਸਮਾਜ ਸੇਵਕ ਗੁਰਬੀਰ ਸਿੰਘ ਮੁਰਾਦਪੁਰ ਤੇ ਡਾ. ਪਵਨਦੀਪ ਕੌਰ ਦੇ 6 ਵਰਿ੍ਹਆਂ ਦੇ ਬੇਟੇ ਅਰਿਆਣਵੀਰ ਸਿੰਘ ਦੇ ਖੇਡਦੇ ਸਮੇਂ ਗਲੇ 'ਚ ਸ਼ਤਰੰਜ ਦੇ ਗੀਟਾ ਫਸਣ ਕਾਰਨ ਅਚਾਨਕ ਮੌਤ ਹੋ ਗਈ | ਇਸ ਸੰਬੰਧੀ ਪਿੰਡ ਦੇ ਨੌਜਵਾਨ ਆਗੂ ਅਮਰਬੀਰ ਸਿੰਘ ਮੁਰਾਦਪੁਰ ਨੇ ਦੱਸਿਆ ਕਿ ਉਕਤ ਬੱਚਾ ਜਿਸ ਦਾ ਬੀਤੇ ਦਿਨੀ 15 ਮਾਰਚ ਨੂੰ ਪਰਿਵਾਰ ਵਲੋਂ ਬੜੇ ਚਾਵਾਂ ਸਧਰਾਂ ਨਾਲ ਜਨਮ ਦਿਨ ਮਨਾਇਆ ਸੀ ਜੋ ਅੱਜ ਪਰਿਵਾਰ ਦੇ ਦੁੱਖਾਂ ਦੀ ਪਹਾੜ ਡਿੱਗ ਗਿਆ ਤੇ ਬੱਚੇ ਦੇ ਮਾਤਾ-ਪਿਤਾ ਸਦਮੇ 'ਚ ਹਨ | ਉਨ੍ਹਾਂ ਦੱਸਿਆ ਕਿ ਕਾਕਾ ਅਰਿਆਣਵੀਰ ਸਿੰਘ ਆਪਣੇ ਨਾਨਕੇ ਪਿੰਡ ਗਿਆ ਸੀ ਜਿਥੇ ਖੇਡਦੇ ਸਮੇਂ ਇਹ ਹਾਦਸਾ ਵਾਪਰ ਗਿਆ ਤੇ ਤੁਰੰਤ ਇਲਾਜ ਲਈ ਅੰਮਿ੍ਤਸਰ ਦੇ ਇਕ ਹਸਪਤਾਲ 'ਚ ਲਿਆਂਦਾ ਗਿਆ, ਜਿਥੇ ਡਾਕਟਰਾਂ ਵਲੋਂ ਮਿ੍ਤਕ ਕਰਾਰ ਦਿੱਤਾ ਗਿਆ | ਇਸ ਸੰਬੰਧੀ ਹਲਕਾ ਅਟਾਰੀ ਦੇ ਇੰਚਾਰਜ ਤੇ ਸੀਨੀਅਰ ਅਕਾਲੀ ਆਗੂ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਸਰਕਲ ਪ੍ਰਧਾਨ ਰਣਜੀਤ ਸਿੰਘ ਲੁਹਾਰਕਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਇਲਾਕੇ ਦੇ ਪੰਚਾਂ ਸਰਪੰਚਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਅਮਰਬੀਰ ਸਿੰਘ ਮੁਰਾਦਪਾਰਾ ਨੇ ਦੱਸਿਆ ਕਿ ਸਵ: ਕਾਕਾ ਅਰਿਆਣਵੀਰ ਸਿੰਘ ਦੇ ਨਮਿਤ ਗੁਰਬਾਣੀ ਦਾ ਕੀਰਤਨ ਤੇ ਅੰਤਿਮ ਅਰਦਾਸ 6 ਅਪ੍ਰੈਲ ਨੂੰ ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਡੀ ਬਲਾਕ, ਰਣਜੀਤ ਐਵੇਨਿਊ, ਅੰਮਿ੍ਤਸਰ ਵਿਖੇ 2 ਤੋਂ 1 ਵਜੇ ਦਰਮਿਆਨ ਹੋਵੇਗੀ |