ਤਰਨ ਤਾਰਨ, 6 ਅਪ੍ਰੈਲ (ਹਰਿੰਦਰ ਸਿੰਘ)-ਤਰਨ ਤਾਰਨ ਦੇ ਐਸ.ਐਸ.ਪੀ. ਵਲੋਂ ਭਿ੍ਸ਼ਟਾਚਾਰ ਦੇ ਮਾਮਲੇ ਵਿਚ ਜਾਂਚ ਦੌਰਾਨ ਸੀ.ਆਈ.ਏ. ਸਟਾਫ਼ ਤਰਨ ਤਾਰਨ ਦੇ ਇੰਚਾਰਜ ਪ੍ਰਭਜੀਤ ਸਿੰਘ ਦੀ ਸ਼ਮੂਲੀਅਤ ਨੂੰ ਦੇਖਦਿਆਂ ਹੋਇਆਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ | ਸੂਤਰਾਂ ਅਨੁਸਾਰ ਥਾਣਾ ਸਦਰ ਵਿਖੇ ਸੀ.ਆਈ.ਏ. ਸਟਾਫ਼ ਦੇ ਇਕ ਏ.ਐਸ.ਆਈ. ਵਿਨੋਦ ਕੁਮਾਰ ਅਤੇ ਇਕ ਸਰਪੰਚ ਸਤਨਾਮ ਸਿੰਘ ਦੇ ਖ਼ਿਲਾਫ਼ ਦਰਜ ਕੀਤੇ ਗਏ ਭਿ੍ਸ਼ਟਾਚਾਰ ਦੇ ਕੇਸ ਵਿਚ ਵੀ ਉਕਤ ਇੰਸਪੈਕਟਰ ਨੂੰ ਨਾਮਜ਼ਦ ਕਰ ਲਿਆ ਹੈ | ਜਾਣਕਾਰੀ ਅਨੁਸਾਰ ਭਿ੍ਸ਼ਟਾਚਾਰ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ 31 ਦਸੰਬਰ 2025 ਨੂੰ ਇਕ ਔਰਤ ਕੋਮਲਜੀਤ ਕੌਰ ਪੁੱਤਰੀ ਲਾਲ ਸਿੰਘ ਵਾਸੀ ਢੋਟੀਆਂ ਵਲੋਂ ਦਿੱਤੀ ਗਈ ਇਕ ਸ਼ਿਕਾਇਤ ਦੇ ਅਧਾਰ 'ਤੇ ਕਾਰਵਾਈ ਕੀਤੀ ਗਈ, ਜਿਸ ਵਿਚ ਕੋਮਲਜੀਤ ਕੌਰ ਨੇ ਕਿਹਾ ਸੀ ਕਿ ਉਹ ਆਪਣੇ ਦੋਸਤ ਅਜੈਪਾਲ ਸਿੰਘ ਨਾਲ ਲਿਵ ਇੰਨ ਰਿਲੇਸ਼ਨ ਵਿਚ ਪਿੰਡ ਨੂਰਦੀ ਵਿਖੇ ਕਿਰਾਏ ਦੇ ਮਕਾਨ 'ਤੇ ਰਹਿ ਰਹੀ ਹੈ | 29 ਦਸੰਬਰ 2025 ਨੂੰ ਉਹ ਘਰ ਵਿਚ ਇਕੱਲੀ ਸੀ ਤਾਂ ਉਥੇ ਏ.ਐਸ.ਆਈ. ਵਿਨੋਦ ਕੁਮਾਰ ਪੁਲਿਸ ਪਾਰਟੀ ਨਾਲ ਆਇਆ ਅਤੇ ਉਸ ਪਾਸੋਂ ਅਜੈਪਾਲ ਸਿੰਘ ਬਾਰੇ ਪੁੱਛਿਆ ਅਤੇ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਕਰਦਾ ਹੈ | ਕੋਮਲਜੀਤ ਕੌਰ ਅਨੁਸਾਰ ਉਸ ਨੂੰ ਏ.ਐਸ.ਆਈ. ਵਿਨੋਦ ਕੁਮਾਰ ਨੇ ਹਿਰਾਸਤ ਵਿਚ ਲੈ ਕੇ ਡਰਾਇਆ ਧਮਕਾਇਆ ਅਤੇ ਕਿਹਾ ਕਿ ਤੇਰੇ 'ਤੇ ਪਰਚਾ ਕਰ ਦੇਵੇਗਾ ਅਤੇ ਪੈਸਿਆਂ ਦੀ ਮੰਗ ਸ਼ੁਰੂ ਕਰ ਦਿੱਤੀ | ਪੁਲਿਸ ਅਨੁਸਾਰ ਕੋਮਲਜੀਤ ਕੌਰ ਨੂੰ ਛੁਡਾਉਣ ਲਈ ਅਜੈਪਾਲ ਦਾ ਜਾਣਕਾਰ ਪਿੰਡ ਮਾਨਾਂਵਾਲਾ ਦਾ ਮੌਜੂਦਾ ਸਰਪੰਚ ਸਤਨਾਮ ਸਿੰਘ ਉਰਫ਼ ਲਾਲਾ ਹਲਵਾਈ ਆਇਆ, ਜਿਸ ਨੇ ਅਜੈਪਾਲ ਨਾਲ ਗੱਲਬਾਤ ਕਰਕੇ ਕੋਮਲਜੀਤ ਕੌਰ ਨੂੰ ਛੁਡਾਉਣ ਲਈ ਉਸ ਪਾਸੋਂ 3 ਲੱਖ 20 ਹਜ਼ਾਰ ਰੁਪਏ ਦੀ ਮੰਗ ਕੀਤੀ | ਇਸ ਮਾਮਲੇ ਵਿਚ ਐਸ.ਐਸ.ਪੀ. ਵਲੋਂ ਪਹਿਲਾਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਰਪੰਚ ਸਤਨਾਮ ਸਿੰਘ ਦੇ ਏ.ਐਸ.ਆਈ. ਵਿਨੋਦ ਕੁਮਾਰ ਨਾਲ ਮਿਲ ਕੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਤਿੰਨ ਲੱਖ 20 ਹਜ਼ਾਰ ਰੁਪਏ ਦੇ ਰਿਸ਼ਵਤ ਦੇ ਦੋਸ਼ ਸਾਬਿਤ ਕੀਤੇ ਗਏ ਸਨ, ਜਿਸ 'ਤੇ ਪੁਲਿਸ ਨੇ 31 ਦਸੰਬਰ ਨੂੰ ਏ.ਐਸ.ਆਈ. ਵਿਨੋਦ ਕੁਮਾਰ ਅਤੇ ਸਤਨਾਮ ਸਿੰਘ ਖ਼ਿਲਾਫ਼ ਭਿ੍ਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ ਅਤੇ ਸਤਨਾਮ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਏ.ਐਸ.ਆਈ. ਵਿਨੋਦ ਕੁਮਾਰ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ | ਹੁਣ ਪਤਾ ਲੱਗਾ ਹੈ ਕਿ ਉਕਤ ਮਾਮਲੇ ਵਿਚ ਜਾਂਚ ਦੌਰਾਨ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ. ਪ੍ਰਭਜੀਤ ਸਿੰਘ ਦੀ ਸ਼ਮੂਲੀਅਤ ਪਾਈ ਗਈ ਹੈ | ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਇੰਸ. ਪ੍ਰਭਜੀਤ ਸਿੰਘ ਦੀ ਮੁਅੱਤਲੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਸ਼ੇ ਦੇ ਮਾਮਲੇ ਵਿਚ ਕੋਈ ਵੀ ਪੁਲਿਸ ਅਧਿਕਾਰੀ ਰਿਸ਼ਵਤ ਲੈਂਦਿਆਂ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਵੀ ਹੋਵੇਗੀ |