ਤਰਨ ਤਾਰਨ, 8 ਅਪ੍ਰੈਲ (ਇਕਬਾਲ ਸਿੰਘ ਸੋਢੀ)-ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਤਰਨ ਤਾਰਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਠੱਠਗੜ੍ਹ ਦੀ ਅਗਵਾਈ ਹੇਠ ਕੀਤੀ ਗਈ | ਜਿਸ 'ਚ ਪੰਜਾਬ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਢਾਲ ਬਣਾ ਕੇ ਪੰਜਾਬ ਦੇ ਅਧਿਆਪਕਾਂ ਉਪਰ ਜ਼ਬਰੀ ਥੋਪੇ ਟੈਸਟ ਵਿਰੁੱਧ ਸੰਘਰਸ਼ ਨੂੰ ਅੱਗੇ ਜਾਰੀ ਰੱਖਣ ਦੇ ਫੈਸਲੇ ਤਹਿਤ 11 ਅਪ੍ਰੈਲ ਨੂੰ ਸੰਗਰੂਰ ਵਿਖੇ ਕੀਤੇ ਜਾ ਰਹੇ 'ਵਾਅਦਾ ਖਿਲਾਫ਼ੀ ਮਾਰਚ' ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਹੋਰਨਾਂ ਜਥੇਬੰਦੀਆਂ ਨੂੰ ਇਸ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ | ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਕੀਤੇ ਸੰਘਰਸ਼ਾਂ ਦੇ ਸਿੱਟੇ ਵਜੋਂ ਸਿੱਖਿਆ ਮੰਤਰੀ ਪੰਜਾਬ ਨੇ ਟੈੱਟ ਵਿਰੁੱਧ ਰਿਵਿਊ ਪਟੀਸ਼ਨ ਦਾਇਰ ਕਰਨ ਅਤੇ ਵਿਧਾਨ ਸਭਾ ਵਿਚ ਬਿੱਲ ਲੈ ਕੇ ਆਉਣ ਦਾ ਭਰੋਸਾ ਦਿੱਤਾ ਸੀ, ਪ੍ਰੰਤੂ ਸਰਕਾਰ ਨੇ ਦੋਨੋਂ ਮੰਗਾਂ ਉੱਪਰ ਅਮਲ ਨਾ ਕਰਕੇ ਅਧਿਆਪਕ ਵਰਗ ਨਾਲ ਵਾਅਦਾ ਖਿਲਾਫੀ ਕੀਤੀ ਹੈ | ਇਕ ਤਰ੍ਹਾਂ ਨਾਲ ਅਧਿਆਪਕਾਂ ਨਾਲ ਧੋਖਾ ਕਰਕੇ ਜਬਰੀ ਟੈੱਟ ਨੂੰ ਥੋਪਿਆ ਗਿਆ ਹੈ | ਕੌਮੀ ਸਿੱਖਿਆ ਨੀਤੀ 2020 ਦੀਆਂ ਅਧਿਆਪਕ ਵਿਰੋਧੀ ਮੱਦਾਂ ਨੂੰ ਲਾਗੂ ਕਰਦਿਆਂ ਪਹਿਲਾਂ ਤੋਂ ਹੀ ਆਪਣੇ ਵਿਸ਼ੇ ਦੇ ਮਾਹਰ ਅਧਿਆਪਕਾਂ ਨੂੰ ਬੇਲੋੜੇ ਟੈਸਟਾਂ ਵਿਚ ਉਲਝਾਇਆ ਜਾ ਰਿਹਾ ਹੈ | ਆਗੂਆਂ ਨੇ ਪੰਜਾਬ ਸਰਕਾਰ ਦੀਆਂ ਇਨ੍ਹਾਂ ਵਾਅਦਾ ਖਿਲਾਫ਼ੀਆਂ ਵਿਰੁੱਧ ਸਰਕਾਰ ਨੂੰ ਸੰਘਰਸ਼ ਰਾਹੀਂ ਘੇਰਨ ਲਈ 11 ਅਪ੍ਰੈਲ 2026 ਦਿਨ ਸ਼ਨੀਵਾਰ ਨੂੰ ਸੰਗਰੂਰ-ਪਟਿਆਲਾ ਮੁੱਖ ਸੜਕ 'ਤੇ ਸਥਿਤ ਬਾਈਪਾਸ ਵਾਲੇ ਪੁਲ ਦੇ ਹੇਠਾਂ ਸੂਬਾ ਪੱਧਰੀ ਇਕੱਤਰਤਾ ਕਰਨ ਤੋਂ ਬਾਅਦ ਮੁੱਖ ਮੰਤਰੀ ਨਿਵਾਸ ਸੰਗਰੂਰ ਵੱਲ ਕੀਤੇ ਜਾਣ ਵਾਲੇ 'ਵਾਅਦਾ ਖਿਲਾਫੀ ਮਾਰਚ' ਵਿਚ ਸਮੂਹ ਅਧਿਆਪਕਾਂ ਨੂੰ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੱਤਾ | ਇਸ ਮੌਕੇ ਮੀਟਿੰਗ ਵਿਚ ਕੰਵਰਦੀਪ ਸਿੰਘ ਢਿੱਲੋਂ, ਅਮਰਦੀਪ ਸ਼ਰਮਾ, ਭੁਪਿੰਦਰ ਸਿੰਘ ਨਾਗੀ, ਪਿ੍ੰਸਦੀਪ ਸਿੰਘ, ਬਰਿੰਦਰ ਸਿੰਘ ਆਦਿ ਹਾਜ਼ਰ ਸਨ |