ਪੱਟੀ, 8 ਅਪ੍ਰੈਲ (ਅਵਤਾਰ ਸਿੰਘ ਖਹਿਰਾ)-ਸੀ-ਪਾਈਟ ਕੈਂਪ ਪੱਟੀ (ਤਰਨ ਤਾਰਨ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਨੀਵੀਰ ਫ਼ੌਜ ਦੀ ਭਰਤੀ ਰੈਲੀ ਦਾ ਕੰਪਿਊਟਰ ਬੇਸਿਸ ਲਿਖਤੀ ਪੇਪਰ ਜੂਨ 2026 ਨੂੰ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਦਾ ਲਿਖਤੀ ਪੇਪਰ ਜੂਨ 2026 ਨੂੰ ਹੋਣਾ ਹੈ, ਉਸ ਤਰ੍ਹਾਂ ਹੀ ਲਿਖਤੀ ਪੇਪਰ ਦੀ ਤਿਆਰੀ ਸੀ-ਪਾਈਟ ਕੈਂਪ ਪੱਟੀ ਵਿਖੇ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਲਿਖਤੀ ਪੇਪਰ ਦੀ ਆਨਲਾਈਨ ਰਜਿਸਟ੍ਰੇਸ਼ਨ 10 ਅਪ੍ਰੈਲ 2026 ਤੱਕ ਵੈਬਸਾਈਟ 'ਤੇ ਕਰਵਾਈ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਦੇ ਨੌਜਵਾਨ, ਜੋ ਅਗਨੀਵੀਰ ਫ਼ੌਜ ਵਿਚ ਭਰਤੀ ਹੋਣਾ ਚਾਹੁੰਦੇ ਹਨ, ਉਹ ਨੌਜਵਾਨ ਜਲਦੀ ਤੋਂ ਜਲਦੀ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਲਿਖਤੀ ਪੇਪਰ ਦੀ ਤਿਆਰੀ ਸੀ-ਪਾਈਟ ਕੈਂਪ, ਪੱਟੀ ਵਿਖੇ ਆ ਕੇ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਕੈਂਪ ਵਿਚ ਆਉਣ ਸਮੇਂ ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜ਼ੀਡੈਂਸੀ ਦੀ ਫੋਟੋ ਸਟੇਟ ਕਾਪੀ, ਜਾਤੀ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ, ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ (ਖਾਤਾ ਚਾਲੂ ਹਾਲਤ ਵਿਚ ਹੋਵੇ) ਅਤੇ ਦੋ ਪਾਸਪੋਰਟ ਸਾਈਜ਼ ਦੀ ਫੋਟੋਆਂ, ਕਾਪੀ, ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ | ਉਨ੍ਹਾਂ ਕਿਹਾ ਕਿ ਕੈਂਪ ਵਿਚ ਆਉਣ ਦਾ ਸਮਾਂ ਸਵੇਰੇ 9 ਵਜੇ ਦਾ ਹੈ | ਉਨ੍ਹਾਂ ਕਿਹਾ ਕਿ ਯੁਵਕ ਦੀ ਉਮਰ 17 ਸਾਲ ਤੋਂ 22 ਸਾਲ ਤੱਕ ਹੋਵੇ, ਛਾਤੀ ਬਿਨਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 5 ਫੁੱਟ 7 ਇੰਚ ਹੋਵੇ | ਨੌਜਵਾਨ ਘੱਟੋ-ਘੱਟ 10ਵੀਂ 45 ਫੀਸਦੀ ਅੰਕਾਂ ਨਾਲ ਪਾਸ ਹੋਵੇ ਜਾਂ ਬਾਰ੍ਹਵੀਂ ਪਾਸ ਹੋਵੇ |