ਤਰਨ ਤਾਰਨ, 11 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਹੋਇਆ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਕਾਰਵਾਈ ਦੌਰਾਨ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਗੋਇੰਦਵਾਲ ਦੇ ਏ.ਐੱਸ.ਆਈ. ਨਿਸ਼ਾਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਸੂਚਨਾ ਦੇ ਅਧਾਰ 'ਤੇ ਕਰਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮੁੰਡਾਪਿੰਡ ਦੇ ਘਰ ਛਾਪੇਮਾਰੀ ਦੌਰਾਨ ਉਥੋਂ 30 ਲੀਟਰ ਲਾਹਣ ਬਰਾਮਦ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ | ਇਸੇ ਤਰ੍ਹਾਂ ਥਾਣਾ ਸਦਰ ਤਰਨ ਤਾਰਨ ਦੇ ਏ.ਐੱਸ.ਆਈ. ਬਲਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੇ ਮਨਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਝੰਡੇਰ ਨੂੰ ਕਾਬੂ ਕਰਕੇ ਇਸ ਪਾਸੋਂ ਇਕ ਲਾਈਟਰ, ਸਿਲਵਰ ਪੰਨੀ ਹੈਰੋਇਨ ਨਾਲ ਲਿਬੜੀ ਹੋਈ, 20 ਰੁਪਏ ਦਾ ਨੋਟ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਹੋਇਆ ਕਾਰਜ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਪਿੰਡ ਡੱਲ ਦੇ ਘਰ ਛਾਪੇਮਾਰੀ ਦੌਰਾਨ ਘਰੋਂ ਚੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਉਕਤ ਵਿਅਕਤੀ ਫ਼ਰਾਰ ਹੈ | ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੇ ਏ.ਐੱਸ.ਆਈ. ਅਮਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਰੇਲਵੇ ਸਟੇਸ਼ਨ ਪੱਟੀ ਤੋਂ ਸ਼ੇਰਾ ਪੁੱਤਰ ਤਰਸੇਮ ਲਾਲ ਵਾਸੀ ਪੱਟੀ ਨੂੰ ਕਾਬੂ ਕਰਕੇ ਉਸ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੇਏ.ਐੱਸ.ਆਈ. ਸਤਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਦੋਰ ਚੌਂਕ ਪੱਟੀ ਵਿਖੇ ਨਾਕਾਬੰਦੀ ਦੌਰਾਨ ਹਰਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਮੱਖੂ ਜ਼ਿਲ੍ਹਾ ਫਿਰੋਜਪੁਰ ਨੂੰ ਕਾਬੂ ਕਰਕੇ ਉਸ ਪਾਸੋਂ 6 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਖਿਲਾਫ਼ ਮਾਮਲੇ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ |