ਤਰਨ ਤਾਰਨ, 13 ਅਪ੍ਰੈਲ (ਇਕਬਾਲ ਸਿੰਘ ਸੋਢੀ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਖਾਲਸੇ ਦੀ ਸਾਜਨਾ ਦਿਵਸ ਅਤੇ ਜਲਿ੍ਹਆਂ ਵਾਲੇ ਬਾਗ ਦੇ ਬਾਗ ਖੂਨੀ ਸਾਕੇ ਦੀ ਯਾਦ ਵਿਚ ਸੈਮੀਨਾਰ ਪਾਰਟੀ ਦਫ਼ਤਰ ਤਰਨ ਤਾਰਨ 'ਚ ਮਨਾਇਆ ਗਿਆ | ਜਿਸਦੀ ਪ੍ਰਧਾਨਗੀ ਨਰਿੰਦਰ ਸਿੰਘ ਰਟੌਲ, ਕੁਲਦੀਪ ਸਿੰਘ ਮਾਣੋਚਾਹਲ ਨੇ ਕੀਤੀ | ਇਸ ਮੌਕੇ ਬਲਦਿਆਂ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਮਾਰਾਏ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਜਲਿ੍ਹਆਂ ਵਾਲੇ ਬਾਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲਦੀ ਜਾ ਰਹੀ ਹੈ, ਜੋ ਕਿ ਬਰਤਾਨਵੀ ਅੰਗਰੇਜ਼ ਸਰਕਾਰ ਦੇ ਜੁਲਮਾ ਖਿਲਾਫ਼ ਸਾਰੇ ਧਰਮਾਂ ਦੇ ਲੋਕਾਂ ਨੇ ਖੂਨ ਵਹਾਇਆ ਹੈ | ਇਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤਾਂ ਪਾਤਾ ਤੋਂ ਉੱਪਰ ਉੱਠ ਕੇ ਖਾਲਸੇ ਦੀ ਸਾਜਨਾ ਕੀਤੀ | ਦੇਸ਼ ਦੇ ਹਾਕਮਾਂ ਵਲੋਂ ਜਾਤਾਂ ਧਰਮਾਂ ਵਿਚ ਵੰਡੀਆਂ ਪਾ ਕੇ ਲੋਕਾਂ ਦੀ ਸਾਂਝੀਵਾਲਤਾ ਨੂੰ ਤੋੜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਆਰ.ਐੱਸ.ਐੱਸ. ਦੇ ਇਸ਼ਾਰਿਆਂ ਤੇ ਧਰਮਾ, ਮਜ਼੍ਹਬਾ, ਜਾਤਾਂ ਦੇ ਵੰਡੀਆਂ ਪਾ ਰਹੀ ਹੈ ਅਤੇ ਮਨੋਸਿਮਰਤੀ ਨੂੰ ਲਾਗੂ ਕਰਨ ਲਈ ਪੂਰੀ ਵਾਹ ਲਾ ਰਹੀ ਹੈ | ਜਮਾਰਾਏ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ ਢਹਿ ਢੇਰੀ ਕਰਨ ਵੱਲ ਤੁਲੀ ਹੋਈ ਹੈ, ਘੱਟ ਗਿਣਤੀਆਂ ਖਿਲਾਫ਼ ਨਫਰਤ ਪੈਦਾ ਕੀਤੀ ਜਾ ਰਹੀ ਅਤੇ ਦੇਸ਼ ਨੂੰ ਖੇਰੂ-ਖੇਰੂ ਕੀਤਾ ਜਾ ਰਿਹਾ ਹੈ | ਜਾਮਾਰਾਏ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਭਾਜਪਾ ਦੀਆਂ ਨੀਤੀਆਂ ਨੂੰ ਇੰਨ ਬਿੰਨ ਲਾਗੂ ਕਰ ਰਹੀ ਹੈ ਅਤੇ ਦੇਸ਼ ਨੂੰ ਕਾਪਰੇਟ ਘਰਾਇਆ ਹਵਾਲੇ ਕਰਨ ਲਈ ਦੋਹੇ ਸਰਕਾਰਾਂ ਕੋਈ ਕਸਰ ਨਹੀਂ ਛੱਡ ਰਹੀਆਂ | ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਜਲਿ੍ਹਆਂ ਵਾਲੇ ਬਾਗ ਦੇ ਸ਼ਹੀਦਾਂ ਅਤੇ ਖਾਲਸੇ ਦੀ ਸਥਾਪਨਾ ਦਿਵਸ 'ਤੇ ਸਾਨੂੰ ਦੇਸ਼ ਵਾਸੀਆਂ ਨੂੰ ਖਾਸ ਕਰ ਮਜ਼ਦੂਰ ਵਰਗ ਨੂੰ ਉਨ੍ਹਾਂ ਦੇ ਪੂਰਨਿਆਂ 'ਤੇ ਚੱਲਣ ਦਾ ਅਹਿਦ ਲੈਣਾ ਚਾਹੀਦਾ ਹੈ | ਇਸ ਮੌਕੇ ਕੁਲਦੀਪ ਸਿੰਘ ਰਟੌਲ, ਗੁਰਮੀਤ ਸਿੰਘ ਇੱਬਨ, ਗੁਰਮੱੁਖ ਸਿੰਘ, ਵਿਜੇਪਾਲ ਸਿੰਘ, ਵੀਰਪਾਲ ਸਿੰਘ, ਜੀਤਪਾਲ ਸਿੰਘ, ਜਸ਼ਨਪ੍ਰੀਤ ਸਿੰਘ,ਪ੍ਰਦੀਪ ਸਿੰਘ, ਸੁਖਮਨ ਸਿੰਘ, ਜੋਬਨ ਸਿੰਘ, ਹਰਜਿੰਦਰ ਸਿੰਘ, ਦਿਲਬਾਗ ਸਿੰਘ, ਜਾਗੋ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |