ਤਰਨ ਤਾਰਨ, 15 ਅਪ੍ਰੈਲ (ਹਰਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਭਾਵੇਂਕਿ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ੍ਰੀਦ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਪਿਛਲੇ ਦਿਨੀਂ ਪਏ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਪੰਜਾਬ ਦੇ ਕੁਝ ਜ਼ਿਲਿ੍ਹਆਂ 'ਚ ਕਿਸਾਨਾਂ ਦੀ ਕਣਕ ਨੂੰ ਭਾਰੀ ਨੁਕਸਾਨ ਪੁੱਜਾ ਹੈ, ਉਥੇ ਕਣਕ ਗਿੱਲੀ ਹੋ ਗਈ ਹੈ ਅਤੇ ਕਣਕ ਦਾ ਦਾਣਾ ਵੀ ਸੁੰਘੜ ਕੇ ਛੋਟਾ ਹੋ ਗਿਆ ਹੈ, ਜਿਸ ਕਾਰਨ ਜਿਥੇ ਮੰਡੀਆਂ ਵਿਚ ਕਣਕ ਲੇਟ ਆਉਣੀ ਸ਼ੁਰੂ ਹੋਈ | ਬਾਰਿਸ਼ ਦੇ ਮੌਸਮ ਦੇ ਚੱਲਦਿਆਂ ਜਿਹੜੇ ਕਿਸਾਨਾਂ ਵਲੋਂ ਫਸਲ ਖ਼ਰਾਬ ਹੋਣ ਦੇ ਡਰ ਤੋਂ ਕਣਕ ਨੂੰ ਕਾਹਲੀ ਨਾਲ ਵੱਢ ਕੇ ਮੰਡੀ ਵਿਚ ਲਿਆਂਦਾ ਜਾ ਰਿਹਾ ਸੀ, ਉਸ ਨੂੰ ਖ੍ਰੀਦ ਏਜੰਸੀਆਂ ਵਲੋਂ ਕਣਕ ਵਿਚ ਜਿਆਦਾ ਨਮੀ ਹੋਣ ਦੇ ਚੱਲਦਿਆਂ ਖ੍ਰੀਦ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ ਕਿਉਂਕਿ ਸਰਕਾਰ ਵਲੋਂ ਕਣਕ ਖ੍ਰੀਦ ਲਈ ਮਾਪਦੰਢ 12 ਫੀਸਦੀ ਤੱਕ ਹੀ ਤੈਅ ਕੀਤੇ ਗਏ ਹਨ, ਜੋ ਕਿ ਕਣਕ ਵਿਚ ਜਿਆਦਾ ਨਮੀਂ ਹੋਣ ਕਾਰਨ ਕਣਕ ਦੀ ਖ੍ਰੀਦ ਨਹੀਂ ਕੀਤੀ ਜਾ ਸਕਦੀ | ਦੂਸਰੀ ਤਰਫ਼ ਕੇਂਦਰ ਸਰਕਾਰ ਵਲੋਂ ਕੇਂਦਰੀ ਟੀਮਾਂ ਦਾ ਗਠਨ ਕਰਕੇਂ ਪੰਜਾਬ ਦੀਆਂ ਮੰਡੀਆਂ ਵਿਚ ਭੇਜੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਰਿਪੋਰਟ ਤੋਂ ਬਾਅਦ ਹੀ ਕੇਂਦਰ ਸਰਕਾਰ ਵਲੋਂ ਖ੍ਰੀਦ ਏਜੰਸੀਆਂ ਨੂੰ ਖ੍ਰੀਦ ਕਰਨ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ | ਹੁਣ ਕੁਝ ਦਿਨਾਂ ਤੋਂ ਧੁੱਪ ਨਿਕਲਣ ਕਾਰਨ ਕਣਕ ਪੱਕ ਚੁੱਕੀ ਹੈ ਅਤੇ ਕਿਸਾਨਾਂ ਵਲੋਂ ਕਣਕ ਨੂੰ ਵੱਢ ਕੇ ਮੰਡੀਆਂ ਵਿਚ ਲਿਆਂਦਾ ਜਾ ਰਿਹਾ ਹੈ ਪਰ ਤਰਨ ਤਾਰਨ ਜ਼ਿਲ੍ਹੇ ਦੀਆਂ ਕੁਝ ਕੁ ਹੀ ਮੰਡੀਆਂ ਵਿਚ ਐੱਫ.ਸੀ.ਆਈ. ਨੂੰ ਛੱਡ ਕੇ ਦੂਸਰੀਆਂ ਏਜੰਸੀਆਂ ਵਲੋਂ ਸਰਕਾਰੀ ਖ੍ਰੀਦ ਸ਼ੁਰੂ ਕੀਤੀ ਗਈ |