ਚੋਹਲਾ ਸਾਹਿਬ, 15 ਅਪ੍ਰੈਲ (ਬਲਵਿੰਦਰ ਸਿੰਘ)-੍ਰਸੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਖਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਇਲਾਕੇ ਦੀ ਸੰਗਤ ਵਲੋਂ ਸ਼ਰਧਾ ਪੂਰਵਕ ਮਨਾਇਆ ਗਿਆ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਹਜ਼ਾਰਾਂ ਦੀ ਤਾਦਾਦ ਵਿਚ ਪਹੁੰਚੀਆਂ ਸੰਗਤਾਂ ਵਲੋਂ ਗੁਰੂ ਸਾਹਿਬ ਨੂੰ ਨਤਮਸਤਕ ਹੁੰਦਿਆਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਵੱਖ-ਵੱਖ ਰਾਗੀ, ਢਾਡੀ, ਕਥਾਵਾਚਕ ਅਤੇ ਕਵੀਸ਼ਰੀ ਜਥਿਆਂ ਵਲੋਂ ਪਹੁੰਚੀਆਂ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਦਿਆਂ ਹੋਇਆਂ ਇਸ ਪਵਿੱਤਰ ਦਿਹਾੜੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਪੂਰਾ ਦਿਨ ਚੱਲੇ ਇਸ ਧਾਰਮਿਕ ਦੀਵਾਨ ਵਿਚ ਜਿੱਥੇ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਵਲੋਂ ਹਾਜ਼ਰੀਆਂ ਭਰੀਆਂ ਗਈਆਂ, ਉਥੇ ਵੱਖ-ਵੱਖ ਧਾਰਮਿਕ ਅਤੇ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਇਸ ਪਵਿੱਤਰ ਦਿਹਾੜੇ 'ਤੇ ਗੁਰੂ ਸਾਹਿਬ ਨੂੰ ਨਤਮਸਤਕ ਹੁੰਦਿਆਂ ਧਾਰਮਿਕ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ | ਇਸੇ ਦੌਰਾਨ ਹੀ ਗੁਰਦੁਆਰਾ ਗੁਰੂ ਕੀ ਕੋਠੜੀ ਸਾਹਿਬ ਵਿਖੇ ਅੰਮਿ੍ਤ ਸੰਚਾਰ ਕਰਵਾਇਆ ਗਿਆ, ਜਿਸ ਵਿਚ 173 ਪ੍ਰਾਣੀ ਅੰਮਿ੍ਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣੇ | ਸੰਗਤ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਚੱਜੇ ਪ੍ਰਬੰਧ ਕੀਤੇ ਗਏ, ਉਥੇ ਸਥਾਨਿਕ ਪੁਲਿਸ ਪਾਰਟੀ ਵਲੋਂ ਥਾਣਾ ਮੁਖੀ ਰਣਜੀਤ ਸਿੰਘ ਦੀ ਅਗਵਾਈ ਟ੍ਰੈਫਿਕ ਨੂੰ ਕੰਟਰੋਲ ਕਰਨ ਅਤੇ ਇਕ ਕਾਨੂੰਨੀ ਅਵਸਥਾ ਨੂੰ ਬਰਕਰਾਰ ਰੱਖਣ ਲਈ ਮੁਸ਼ਤੈਦੀ ਨਾਲ ਡਿਊਟੀ ਨਿਭਾਈ | ਵਿਸਾਖੀ ਤੋਂ ਅਗਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਕਰਵਾਈਆਂ ਗਈਆਂ ਪੇਂਡੂ ਖੇਡਾਂ ਵਿਚ ਦਹਾਕਿਆਂ ਤੋਂ ਚੱਲਦੀਆਂ ਆ ਰਹੀਆਂ ਹਲਟ ਦੁਆਲੇ ਬਲਦਾਂ ਦੀਆਂ ਦੌੜਾਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ | ਬਲਦਾਂ ਦੀਆਂ ਕਰਵਾਈਆਂ ਗਈਆਂ ਦੌੜਾਂ ਵਿਚ ਕੁੱਲ 10 ਟੀਮਾਂ ਨੇ ਭਾਗ ਲਿਆ, ਜਿਸ ਵਿਚ ਨਿਰਧਾਰਤ 6 ਮਿੰਟ ਦੇ ਸਮੇਂ ਵਿਚ ਕਰਮਜੀਤ ਸਿੰਘ ਖਾਰਾ ਦੀ ਬਲਦਾਂ ਦੀ ਯੋਗ ਨੇ 59 ਚੱਕਰ ਲਗਾ ਕੇ ਪਹਿਲਾ ਸਥਾਨ ਹਾਸਿਲ ਕੀਤਾ, ਸੰਤੋਖ ਸਿੰਘ ਖਾਨ ਦੀ ਬਲਦਾਂ ਦੀ ਯੋਗ ਨੇ 58 ਚੱਕਰ ਲਗਾ ਕੇ ਦੂਸਰੇ ਸਥਾਨ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਹੀ ਦਿਲਪ੍ਰੀਤ ਸਿੰਘ ਦੀ ਬਲਦਾਂ ਦੀ ਯੋਗ ਨੇ 54 ਚੱਕਰ ਲਗਾ ਕੇ ਤੀਜੇ ਸਥਾਨ 'ਤੇ ਰਹੀ | ਇਸ ਤੋਂ ਬਾਅਦ ਇਥੇ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਕਰਵਾਏ ਗਏ ਵੱਖ-ਵੱਖ ਕਬੱਡੀ ਮੁਕਾਬਲਿਆਂ ਵਿਚ ਚੋਹਲਾ ਖੁਰਦ ਦੀ ਟੀਮ ਨੇ ਚੋਹਲਾ ਸਾਹਿਬ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਇਕ ਹੋਰ ਮੈਚ ਵਿੱਚ ਖਡੂਰ ਸਾਹਿਬ ਦੀ ਟੀਮ ਨੇ ਗੋਪੀ ਫਰੰਦੀਪੁਰੀਏ ਦੀ ਕਬੱਡੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ, ਜੇਤੂ ਟੀਮਾਂ ਨੂੰ ਇਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇ. ਗੁਰਬਚਨ ਸਿੰਘ ਕਰਮੂੰਵਾਲਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਨੇ ਸਾਂਝੇ ਰੂਪ ਵਿਚ ਦਿੱਤੇ | ਇਸ ਮੌਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ, ਅਲਵਿੰਦਰਪਾਲ ਸਿੰਘ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਰਨ ਤਾਰਨ, ਐਸ.ਜੀ.ਪੀ.ਸੀ. ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ, ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ, ਇਕਬਾਲ ਸਿੰਘ ਸੰਧੂ ਜਨਰਲ ਸਕੱਤਰ ਅਕਾਲੀ ਦਲ, ਜਗਜੀਤ ਸਿੰਘ ਜੱਗੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਕੰਵਰਦੀਪ ਸਿੰਘ ਬ੍ਰਹਮਪੁਰਾ ਯੂਥ ਆਗੂ, ਸੁਖਜਿੰਦਰ ਸਿੰਘ ਬਿੱਟੂ ਸਰਪੰਚ ਪੱਖੋਪੁਰ, ਪ੍ਰਧਾਨ ਜਗਰੂਪ ਸਿੰਘ ਪੱਖੋਪੁਰ, ਰਣਜੀਤ ਸਿੰਘ ਸਾਬਕਾ ਸਰਪੰਚ ਭੱਠਲ ਸਹਿਜਾ ਸਿੰਘ, ਮਨਜਿੰਦਰ ਸਿੰਘ ਸਾਬਕਾ ਸਰਪੰਚ ਭੱਠਲ ਭਾਈਕੇ, ਮਨਜਿੰਦਰ ਸਿੰਘ ਲਾਟੀ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਅਮਰੀਕ ਸਿੰਘ ਸਰਪੰਚ ਚੋਹਲਾ ਸਾਹਿਬ, ਗੁਰਦੇਵ ਸਿੰਘ ਚੋਹਲਾ ਸਾਹਿਬ, ਗੁਰਦਿਆਲ ਸਿੰਘ ਸੈਕਟਰੀ ਚੋਹਲਾ ਸਾਹਿਬ, ਹਰਜਿੰਦਰ ਸਿੰਘ ਬਾਦਸ਼ਾਹ, ਡਾ: ਜਤਿੰਦਰ ਸਿੰਘ ਆਦਿ ਨੇ ਹਾਜ਼ਰੀਆਂ ਭਰੀਆਂ |