ਤਰਨ ਤਾਰਨ, 15 ਅਪ੍ਰੈਲ (ਪਰਮਜੀਤ ਜੋਸ਼ੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਕੌਮੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਯੂਨੀਅਨ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਬੀਕੇਯੂ ਕਾਦੀਆਂ, ਬੀਕੇਯੂ ਏਕਤਾ ਉਗਰਾਹਾਂ ਅਧਾਰਤ ਇਕ ਵਫਦ ਵਲੋਂ ਸਥਾਨਕ ਤਰਨ ਤਾਰਨ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ | ਇਸ ਤਰ੍ਹਾਂ ਆਗੂਆਂ ਨੇ ਵੇਖਿਆ ਕਿ ਕਿਸਾਨ ਕਈ-ਕਈ ਦਿਨਾਂ ਤੋਂ ਇੱਥੇ ਮੰਡੀ ਵਿਚ ਰੁਲ ਰਹੇ ਹਨ ਅਤੇ ਸਰਕਾਰ ਵਲੋਂ ਕਣਕ ਦੀ ਭਰਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ | ਇੱਥੋਂ ਤੱਕ ਕਿ ਬਾਰਦਾਨਾ ਵੀ ਮੁਹੱਈਆ ਨਹੀਂ ਕਰਾਇਆ ਗਿਆ | ਅੱਜ ਅਸੀਂ ਜਦੋਂ ਮੰਡੀ ਦਾ ਦੌਰਾ ਕੀਤਾ ਤਾਂ ਮੰਡੀ ਵਿਚ ਕਈ ਦਿਨਾਂ ਤੋਂ ਰੁਲ ਰਹੇ ਕਿਸਾਨਾਂ, ਸਤਨਾਮ ਸਿੰਘ ਕੈਰੋਂਵਾਲ, ਰਜਿੰਦਰ ਸਿੰਘ ਪੱਟੀ, ਨਿਰਮਲ ਸਿੰਘ ਮਲਮੋਹਰੀ, ਬਲਦੇਵ ਸਿੰਘ ਬਾਲਾਚੱਕ, ਮਨਜੀਤ ਸਿੰਘ ਨੰਬਰਦਾਰ ਸਰਹਾਲੀ, ਕਾਰਜ ਸਿੰਘ ਗੋਰਖਾ, ਸਤਨਾਮ ਸਿੰਘ ਨੌਰੰਗਾਬਾਦ, ਜੱਸਾ ਸਿੰਘ ਮਾਣੋਚਾਹਲ ਆਦਿ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਬਿਲਕੁਲ ਸਹੀ ਹੈ, ਇਸ ਦੇ ਬਾਵਜੂਦ ਕਈ ਦਿਨਾਂ ਤੋਂ ਕੋਈ ਵੀ ਅਧਿਕਾਰੀ ਮੰਡੀ ਬੋਰਡ ਵਲੋੋਂ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ | ਇਸ ਸਮੇਂ ਦਲਬੀਰ ਸਿੰਘ ਕਾਲਾ ਪ੍ਰਧਾਨ ਦਾਣਾ ਮੰਡੀ ਤਰਨ ਤਾਰਨ ਨੇ ਕਿਹਾ ਕਿ ਜਿਹੜੀ ਕਣਕ ਬਿਲਕੁਲ ਅੱਵਲ ਦਰਜੇ ਦੀ ਹੈ, ਉਸ ਦੀ ਵੀ ਖਰੀਦ ਨਹੀਂ ਕੀਤੀ ਜਾ ਰਹੀ | ਜਿਸ ਕਾਰਨ ਸਾਨੂੰ ਮਜ਼ਦੂਰੀ ਕਰਨ ਵਾਲਿਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਫਦ ਵਲੋਂ ਜਦੋਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਦੇ ਦਫਤਰ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਦੇ ਦਫਤਰ ਨੂੰ ਤਾਲਾ ਲੱਗਾ ਹੋਇਆ ਸੀ | ਕਿਸਾਨ ਆਗੂਆਂ ਵਲੋਂ ਉਨ੍ਹਾਂ ਦੇ ਦਫਤਰ ਸਾਹਮਣੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਦੇ ਸਹਾਇਕ ਏ.ਐੱਫ.ਐੱਸ.ਓ.ਅਮਨਦੀਪ ਸਿੰਘ ਨੇ ਭਰੋਸਾ ਦਵਾਇਆ ਕਿ ਅੱਜ ਸੱਭ ਇੰਸਪੈਕਟਰ ਮੰਡੀਆਂ ਵਿਚ ਗਏ ਹਨ ਅਤੇ ਬੋਲੀ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਬੋਲਦਿਆਂ ਹੋਇਆ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਸਰਕਾਰ ਨੂੰ ਪਤਾ ਸੀ ਕਿ ਇਕ ਅਪ੍ਰੈਲ ਤੋਂ ਕਣਕ ਮੰਡੀ ਵਿਚ ਆ ਜਾਣੀ ਹੈ ਤਾਂ ਫਿਰ ਕਿਉਂ ਨਹੀਂ ਪਹਿਲਾਂ ਮਾਪਦੰਡ ਨਾਲ ਸਬੰਧਤ ਕੋਈ ਫੈਸਲਾ ਲਿਆ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬਿਨਾਂ ਕਿਸੇ ਦੇਰੀ ਤੁਰੰਤ ਕਣਕ ਦੀ ਖਰੀਦ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣ ਤੋਂ ਬਚਾਇਆ ਜਾਏ | ਵਫਦ ਵਿਚ ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਗੁਰਚਰਨ ਸਿੰਘ ਸਭਰਾ, ਨਛੱਤਰ ਸਿੰਘ ਪੰਨੂ, ਸੁਖਚੈਨ ਸਿੰਘ ਸਰਹਾਲੀ, ਦਵਿੰਦਰ ਸਿੰਘ ਗਰੇਵਾਲ ਜੱਸਾ ਸਿੰਘ ਕੱਦਗਿੱਲ, ਰਤਨ ਸਿੰਘ ਢੰਡ, ਸੁਰਜੀਤ ਸਿੰਘ ਸ਼ੇਖਚੱਕ, ਸੁਖਜੀਤ ਸਿੰਘ ਸਿੱਧੂ ਆਦਿ ਸ਼ਾਮਿਲ ਸਨ |