ਫਤਿਆਬਾਦ, 15 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਸਰਕਾਰ ਵਲੋਂ ਦਾਅਵਾ ਕੀਤਾ ਸੀ ਕਿ ਕਣਕ ਦੀ ਖਰੀਦ ਇਕ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ, ਪਰ ਮੌਸਮ ਖਰਾਬ ਹੋਣ ਕਾਰਨ ਕਿਸਾਨਾਂ ਨੇ ਪੱਕੀ ਹੋਈ ਕਣਕ ਦੀ ਫਸਲ 10 ਦਿਨ ਬਾਅਦ 'ਚ ਕੱਟ ਕੇ ਜਦੋਂ ਮੰਡੀ ਵਿਚ ਲਿਆਂਦੀ ਤਾਂ ਉਨ੍ਹਾਂ ਨੂੰ ਮੰਡੀ 'ਚ ਮੋਟਾ ਮੋਟਾ ਮੱਛਰ ਲੜਾਉਣ ਲਈ ਮਜ਼ਬੂਰ ਹੋਣਾ ਪਿਆ, ਕਿਉਂਕਿ ਖਬਰ ਲਿਖਣ ਤੱਕ 15 ਅਪ੍ਰੈਲ ਤੱਕ ਖ੍ਰੀਦ ਨਹੀਂ ਆਈ ਸੀ | ਅੱਜ ਜਦੋਂ ਪੱਤਰਕਾਰਾਂ ਵਲੋਂ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਦਾਣਾ ਮੰਡੀ ਫਤਿਆਬਾਦ ਵਿਚ ਕਣਕ ਦਾ ਪੰਜਾਹ ਹਜ਼ਾਰ ਤੋਂ ਵੱਧ ਕੱਟਾ ਆਇਆ ਹੈ, ਪਰ ਪੱਤਰਕਾਰਾਂ ਨੂੰ ਆੜ੍ਹਤੀਆਂ ਨੇ ਦੱਸਿਆ ਕਿ ਖ਼ਰੀਦ ਤਾਂ ਨਹੀਂ ਆਈ, ਪਰ ਐਸ.ਡੀ.ਐਮ. ਮੰਡੀ 'ਚ ਫੇਰਾ ਮਾਰ ਕੇ ਆੜ੍ਹਤੀਆਂ ਨੂੰ ਭਰੋਸਾ ਦੇ ਗਏ ਹਨ ਕਿ ਇਕ ਦੋ ਦਿਨਾਂ ਵਿਚ ਖ਼ਰੀਦ ਆ ਜਾਵੇਗੀ | ਇਸ ਮੌਕੇ ਕਿਸਾਨ ਆਗੂ ਗੁਰਭੇਜ ਸਿੰਘ ਭੇਜੀ ਫਤਿਆਬਾਦ ਨੇ ਜਸਵਿੰਦਰ ਸਿੰਘ ਜੱਸ ਜੋਸਣ, ਅਵਤਾਰ ਸਿੰਘ ਭੰਗੂ ਸਮੇਤ ਦੱਸਿਆ ਕਿ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ, ਕਿਉਂਕਿ ਕਿਸਾਨ ਘੱਟੋ ਘੱਟ 10 ਦਿਨ ਦੇਰੀ ਨਾਲ ਮੰਡੀ ਵਿਚ ਕਣਕ ਲੈ ਕੇ ਆਏ ਹਨ, ਪਰ ਫਿਰ ਵੀ ਖ਼ਰੀਦ ਨਾ ਆਉਣ ਕਰਕੇ ਕਿਸਾਨਾਂ ਨੂੰ ਮਜ਼ਬੂਰੀ ਵੱਸ ਮੱਛਰ ਲੜਾਉਣਾ ਪੈਂਦਾ ਹੈ | ਉਪਰੋਕਤ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਫਤਿਆਬਾਦ ਦੀ ਦਾਣਾ ਮੰਡੀ 'ਚ ਖ਼ਰੀਦ ਜਲਦੀ ਤੋਂ ਜਲਦੀ ਭੇਜੀ ਜਾਵੇ |