ਤਰਨ ਤਾਰਨ, 15 ਅਪ੍ਰੈਲ (ਹਰਿੰਦਰ ਸਿੰਘ)-ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਹੇਠ ਚੱਲ ਰਹੀ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਸਜਾਉਣ ਦੇ ਜ਼ੋਨਲ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿਚ ਤਰਨ ਤਾਰਨ ਜ਼ੋਨ ਦੇ ਦਸ ਸਕੂਲਾਂ ਨੇ ਭਾਗ ਲਿਆ, ਜਿਸ ਵਿਚ ਤਰਨ ਤਾਰਨ, ਪੱਟੀ, ਸੁਰ ਸਿੰਘ, ਨੌਸ਼ਹਿਰਾ ਪੰਨੂੰਆਂ, ਘਸੀਟਪੁਰ, ਬੁਰਜ਼ ਮਰਹਾਣਾ, ਝਬਾਲ, ਕਸੇਲ, ਪਿੱਦੀ ਅਤੇ ਨੱਥੂਪੁਰ ਸਕੂਲ ਸ਼ਾਮਿਲ ਸਨ | ਇਸ ਮੌਕੇ ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤਰਲੋਚਨ ਸਿੰਘ, ਗੁਰਭੇਜ ਸਿੰਘ ਅਤੇ ਜੀ.ਟੀ. ਰੋਡ ਅੰਮਿ੍ਤਸਰ ਦੀ ਧਾਰਮਿਕ ਅਧਿਆਪਕਾ ਬੀਬੀ ਸੁਖਜੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਾਰਾ ਪ੍ਰੋਗਰਾਮ ਉਨ੍ਹਾਂ ਦੀ ਦੇਖ-ਰੇਖ ਅਤੇ ਯੋਗ ਅਗਵਾਈ ਹੇਠ ਕੀਤਾ ਗਿਆ | ਸਕੂਲ ਵਿਚ ਪਹੁੰਚੇ ਮਹਿਮਾਨਾਂ ਦਾ ਸਕੂਲ ਦੇ ਪਿ੍ੰਸੀਪਲ ਸਤਵੰਤ ਸਿੰਘ ਬੈਂਸ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਗੁਰਭੇਜ ਸਿੰਘ ਨੇ ਪ੍ਰਤੀਯੋਗੀਆਂ ਦੇ ਸਾਹਮਣੇ ਦਸਤਾਰ ਸਜਾਉਣ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਖਾਲਸਾ ਸਾਜਨਾ ਦਿਵਸ ਦੀ ਮਹੱਤਤਾ ਬਾਰੇ ਵੀ ਦੱਸਿਆ | ਇਸ ਤੋਂ ਬਾਅਦ ਦਸਤਾਰ ਸਜਾਉਣ ਦੇ ਮੁਕਾਬਲੇ ਸ਼ੁਰੂ ਹੋਏ | ਮੁਕਾਬਲੇ ਦੋ ਗਰੁਪਾਂ ਵਿਚ ਕਰਵਾਏ ਗਏ | ਸਭ ਮੁਕਾਬਲੇਬਾਜ਼ਾਂ ਵਿਚ ਦਸਤਾਰ ਸਜਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਮਾਂ ਪੂਰਾ ਹੋਣ 'ਤੇ ਇਨ੍ਹਾਂ ਸਕੂਲਾਂ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ | ਸੀਨੀਅਰ ਗਰੁੱਪ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦਾ ਸੀ, ਜਿਸ ਵਿਚ ਪ੍ਰਭਜੋਤ ਸਿੰਘ ਪੱਟੀ ਸਕੂਲ, ਰੋਹਨਦੀਪ ਸਿੰਘ ਨੌਸ਼ਹਿਰਾ ਪੰਨੂੰਆ, ਗੁਰਜੋਤਪਾਲ ਸਿੰਘ ਤਰਨ ਤਾਰਨ, ਅਨੂਪ ਸਿੰਘ ਝਬਾਲ, ਅਭੀਜੋਤ ਸਿੰਘ ਸੁਰਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਜੂਨੀਅਰ ਵਰਗ ਪੰਜਵੀਂ ਤੋਂ ਅੱਠਵੀਂ ਤੱਕ ਦਾ ਸੀ, ਜਿਸ ਵਿਚ ਅਮਰਬੀਰ ਸਿੰਘ ਤਰਨ ਤਾਰਨ, ਨਵਜੀਤ ਸਿੰਘ ਬੁਰਜ ਮਰਹਾਣਾ, ਅਭੀਨੂਰ ਸਿੰਘ ਸੁਰਸਿੰਘ, ਨਾਜਵੀਰ ਸਿੰਘ ਝਬਾਲ ਅਤੇ ਹਰਦੀਪ ਸਿੰਘ ਭੱਟੀ ਨੇ ਪਹਿਲਾ ਸਥਾਨ ਹਾਸਲ ਕੀਤਾ | ਮੁਕਾਬਲੇ ਉਪਰੰਤ ਸਕੂਲ ਦੇ ਪਿ੍ੰਸੀਪਲ ਸਤਵੰਤ ਸਿੰਘ ਬੈਂਸ ਨੇ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ | ਚੀਫ਼ ਖਾਲਸਾ ਦੀਵਾਨ ਦੇ ਐਡੀਸ਼ਨਲ ਆਨਰੇਰੀ ਸਕੱਤਰ ਲੋਕਲ ਕਮੇਟੀ ਦੇ ਪ੍ਰਧਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਹਰਜੀਤ ਸਿੰਘ, ਚੀਫ਼ ਖ਼ਾਲਸਾ ਦੀਵਾਨ ਲੋਕਲ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ ਨਵਜੋਤ ਸਿੰਘ, ਰਣਦੀਪ ਸਿੰਘ, ਸਕੂਲ ਦੇ ਪਿ੍ੰਸੀਪਲ ਸਤਵੰਤ ਸਿੰਘ ਬੈਂਸ ਆਦਿ ਹਾਜ਼ਰ ਸਨ |