ਤਰਨ ਤਾਰਨ, 15 ਅਪ੍ਰੈਲ (ਹਰਿੰਦਰ ਸਿੰਘ)-ਵਿਜ਼ਡਮ ਸਕੂਲ ਆਫ ਅਕੈਡਮਿਕਸ ਐਂਡ ਸਪੋਰਟਸ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ | ਵਿਦਿਆਰਥੀਆਂ ਨੇ ਬੜੇ ਚਾਅ ਅਤੇ ਖੁਸ਼ੀ ਨਾਲ ਭਾਗ ਲਿਆ | ਵਿਦਿਆਰਥੀ ਰੰਗ-ਬਿਰੰਗੇ ਪਰੰਪਰਾਗਤ ਪਹਿਰਾਵੇ ਵਿਚ ਨਜ਼ਰ ਆਏ | ਲੜਕਿਆਂ ਨੇ ਕੁੜਤਾ-ਪਜਾਮਾ ਪਾਇਆ ਹੋਇਆ ਸੀ ਜਦਕਿ ਲੜਕੀਆਂ ਨੇ ਸੋਹਣੇ ਪੰਜਾਬੀ ਸੂਟ ਪਾਏ ਹੋਏ ਸਨ | ਕਲਾਸ ਚੌਥੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ 'ਰੈਟਰੋ ਪੰਜਾਬੀ ਸੋਲੋ ਡਾਂਸ' ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਉਨ੍ਹਾਂ ਨੇ ਆਪਣੀ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਰਾਹਨਾ ਦੇ ਤੌਰ 'ਤੇ ਸਰਟੀਫਿਕੇਟ ਦਿੱਤੇ ਗਏ | ਮਾਹੌਲ ਨੂੰ ਹੋਰ ਵੀ ਰੰਗੀਨ ਬਣਾਉਂਦੇ ਹੋਏ, ਲੜਕੀਆਂ ਨੇ ਗਿੱਧਾ ਅਤੇ ਲੜਕਿਆਂ ਨੇ ਜੋਸ਼ੀਲੇ ਭੰਗੜੇ ਦੇ ਪ੍ਰਦਰਸ਼ਨ ਕੀਤੇ | ਕੁਝ ਵਿਦਿਆਰਥੀਆਂ ਨੇ ਖਾਲਸਾ ਰੂਪ ਧਾਰਨ ਕਰਕੇ 'ਖਾਲਸਾ ਪੰਥ ਦੀ ਸਥਾਪਨਾ' ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਸਾਖੀ ਨਾਲ ਸੰਬੰਧਿਤ ਮਹੱਤਵਪੂਰਨ ਤੱਥ ਵੀ ਦੱਸੇ | ਤਿਉਹਾਰ ਦੀ ਮਹੱਤਤਾ ਵੀ ਸਾਰਿਆਂ ਨੂੰ ਸਮਝਾਈ ਗਈ | ਕਲਾਸਰੂਮਾਂ ਵਿਚ ਵੱਖ-ਵੱਖ ਕਲਾ (ਕ੍ਰਾਫਟ) ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਵਿਦਿਆਰਥੀਆਂ ਅਤੇ ਸਟਾਫ ਨੇ ਦਿਲੋਂ ਭਾਗ ਲਿਆ | ਇਸ ਸਮਾਰੋਹ ਨੂੰ ਡਾਇਰੈਕਟਰ ਸ਼੍ਰੀਮਤੀ ਅੰਮਿ੍ਤ ਖੇੜਾ, ਪਿ੍ੰਸੀਪਲ ਸ਼੍ਰੀਮਤੀ ਗੁਰਪ੍ਰੀਤ ਜੌਹਲ, ਪ੍ਰਸ਼ਾਸਕ ਸ਼੍ਰੀਮਤੀ ਸ਼ਵੇਤਾ ਸਹਿਗਲ ਅਤੇ ਵਾਈਸ ਪਿ੍ੰਸੀਪਲ ਹਰਲੀਨ ਕੌਰ ਸਮੇਤ ਸਾਰੇ ਸਟਾਫ ਮੈਂਬਰਾਂ ਦੀ ਹਾਜ਼ਰੀ ਨਾਲ ਹੋਰ ਵੀ ਸ਼ੋਭਾ ਮਿਲੀ | ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਵਧਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਸੰਸਕਿ੍ਤਿਕ ਵਿਰਾਸਤ ਨਾਲ ਜੋੜਦੇ ਹਨ |