ਖਡੂਰ ਸਾਹਿਬ, 17 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)- ਪਿਛਲੇ ਕਈ ਸਾਲਾਂ ਤੋਂ ਪਿੰਡਾਂ 'ਚ ਬੰਦ ਪਏ ਸੇਵਾ ਕੇਂਦਰਾਂ ਦੇ ਮੁੜ ਚਾਲੂ ਨਾ ਹੋਣ ਕਰਕੇ ਲੋਕਾਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਤਾਂ ਕਰਨਾ ਹੀ ਪੈ ਰਿਹਾ ਹੈ | ਸਗੋਂ ਪੈਸੇ ਅਤੇ ਟਾਇਮ ਦੀ ਵੀ ਬਰਬਾਦੀ ਹੋ ਰਹੀ ਹੈ | ਪੰਜਾਬ ਦੇ ਲੋਕਾਂ ਨੂੰ ਹੋਮ ਡਿਲਿਵਰੀ ਸੇਵਾਵਾਂ ਦੇਣ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੇ ਰਾਜ 'ਚ ਬੰਦ ਪਏ ਸੇਵਾ ਕੇਂਦਰਾਂ ਨੂੰ ਛੱਡ ਕੇ ਕੁਝ ਕੁ ਚੱਲ ਰਹੇ ਸੇਵਾ ਕੇਂਦਰਾਂ ਵਿਚ ਇਸ ਵੇਲੇ ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ਦੇ ਤਹਿਤ ਦਲਿਤ ਭਾਈਚਾਰੇ ਦੀਆਂ ਔਰਤਾਂ ਵਲੋਂ 1500 ਰੁਪਏ ਲੈਣ ਲਈ ਜਾਤੀ ਸਰਟੀਫਿਕੇਟ ਬਣਾਉਣ ਵਾਲਿਆਂ ਦੀ ਲੰਮੀਆਂ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ ਅਤੇ ਭੀੜ ਕਾਰਨ ਲੋਕਾਂ ਦੀ ਡਾਢੀ ਖੱਜਲ-ਖ਼ੁਆਰੀ ਹੋ ਰਹੀ ਹੈ | ਇਸ ਮੌਕੇ ਉੱਘੇ ਸਮਾਜ ਸੇਵੀ ਸੁਖਦੇਵ ਸਿੰਘ ਜੋਸ਼ਨ ਬੋਦਲਕੀੜੀ ਅਤੇ ਰਵੇਲ ਸਿੰਘ ਸਾਬਕਾ ਸਰਪੰਚ ਦਾਰਾਪੁਰ ਨੇ ਦੱਸਿਆ ਕਿ ਸਾਡੇ ਪਿੰਡ ਦਾਰਾਪੁਰ ਵਿਖੇ ਬਣਿਆ ਸੇਵਾ ਕੇਂਦਰ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੈ ਅਤੇ ਇਸੇ ਤਰ੍ਹਾਂ ਪਿੰਡ ਨਾਗੋਕੇ ਦਾ ਸੇਵਾ ਕੇਂਦਰ ਵੀ ਬੰਦ ਪਿਆ ਹੈ | ਜਦੋਂਕਿ ਬਹੁਤ ਸਾਰੇ ਪਿੰਡਾਂ 'ਚ ਬੰਦ ਪਏ ਸੇਵਾ ਕੇਂਦਰਾਂ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦੂਰ ਦੁਰਾਡੇ ਚੱਲਦੇ ਸੇਵਾ ਕੇਂਦਰਾਂ 'ਚ ਜਾਣਾ ਪੈਂਦਾ ਹੈ | ਜਿਸ ਕਾਰਨ ਬਹੁਤ ਸਾਰੇ ਲੋਕ ਤਾਂ ਜਿੰਨਾ ਨੂੰ ਕੋਈ ਖੜਨ ਵਾਲਾ ਹੀ ਨਹੀਂ ਹੁੰਦਾ ਉਹ ਸਰਕਾਰ ਦੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਬਹੁਤ ਸਾਰੇ ਲੋਕ ਆਪਣੀ ਦਿਹਾੜੀ ਮਰਨ ਦੇ ਦੁਖੋਂ ਹੀ ਨਹੀਂ ਜਾਂਦੇ ਤੇ ਜੋ ਜਾਂਦੇ ਹਨ, ਉਨ੍ਹਾਂ ਦੀ ਸਾਰੀ ਸਾਰੀ ਦਿਹਾੜੀ ਲਾਈਨਾਂ 'ਚ ਹੀ ਲੰਘ ਜਾਂਦੀ ਹੈ | ਉਨ੍ਹਾਂ ਕਿਹਾ ਕਿ ਬੰਦ ਪਏ ਸੇਵਾ ਕੇਂਦਰਾਂ ਉਪਰ ਸਮੇਂ ਦੀ ਸਰਕਾਰ ਵਲੋਂ ਕਰੋੜਾਂ ਅਰਬਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਸੇਵਾ ਕੇਂਦਰ ਇਸ ਵੇਲੇ ਬੰਦ ਪਏ ਹੋਣ ਕਰਕੇ ਖੰਡਰ ਬਣਦੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇ ਕੁਝ ਸੇਵਾ ਕੇਂਦਰ ਚਲਦੇ ਰੱਖੇ ਗਏ ਹਨ ਤਾਂ ਫਿਰ ਬਾਕੀ ਦੇ ਬੰਦ ਕਿਉਂ ਕੀਤੇ ਗਏ | ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਖੱਜਲ-ਖ਼ੁਆਰੀ ਬੰਦ ਕਰਨ ਲਈ ਬੰਦ ਪਏ ਸੇਵਾ ਕੇਂਦਰਾਂ ਨੂੰ ਮੁੜ ਚਾਲੂ ਕੀਤਾ ਜਾਵੇ ਤਾਂ ਜੋ ਲੋਕ ਆਪਣੇ ਪਿੰਡਾਂ ਵਿਚ ਹੀ ਸਰਕਾਰ ਦੀਆਂ ਸਹੂਲਤਾਂ ਪ੍ਰਾਪਤ ਕਰ ਸਕਣ |