ਹਰੀਕੇ ਪੱਤਣ, 17 ਅਪ੍ਰੈਲ (ਸੰਜੀਵ ਕੁੰਦਰਾ)- ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਠੱਠੀਆਂ ਖੁਰਦ ਵਿਖੇ ਅੱਗ ਲੱਗਣ ਕਾਰਨ 3 ਕਿਸਾਨਾਂ ਦੀ 12 ਏਕੜ ਕਣਕ ਸੜ ਕੇ ਸੁਆਹ ਹੋ ਗਈ | ਜਾਣਕਾਰੀ ਅਨੁਸਾਰ ਅੱਜ 12 ਵਜੇ ਦੇ ਕਰੀਬ ਪਿੰਡ ਠੱਠੀਆ ਖੁਰਦ ਵਿਖੇ ਕਿਸਾਨ ਬੂਟਾ ਸਿੰਘ ਦੇ ਖੇਤਾਂ ਵਿਚ ਕਣਕ ਨੂੰ ਅਚਾਨਕ ਅੱਗ ਲੱਗ ਗਈ ਜੋ ਦੇਖਦਿਆਂ ਹੀ ਦੇਖਦਿਆਂ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਅੱਗ ਦੀਆਂ ਤੇਜ਼ ਲਪਟਾਂ ਨੇ ਹੋਰ ਰਕਬੇ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ | ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਨੇੜਲੇ ਪਿੰਡਾਂ ਦੇ ਲੋਕ ਅਤੇ ਐੱਸ.ਐੱਚ.ਓ. ਹਰੀਕੇ ਬਲਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਬੜੀ ਜਦੋ ਜਹਿਦ ਨਾਲ ਅੱਗ 'ਤੇ ਕਾਬੂ ਪਾਇਆ | ਪਰੰਤੂ ਅੱਗ ਦੇ ਤੇਜ਼ ਪ੍ਰਕੋਪ ਨੇ ਕਿਸਾਨ ਬੂਟਾ ਸਿੰਘ ਪੁੱਤਰ ਅਜੀਤ ਸਿੰਘ ਦੀ 6 ਏਕੜ, ਹਰਦੀਪ ਸਿੰਘ ਪੁੱਤਰ ਹਰਵੰਤ ਸਿੰਘ ਦੀ 4 ਏਕੜ ਅਤੇ ਕਰਮ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਠੱਠੀਆਂ ਖੁਰਦ ਦੀ 2 ਏਕੜ ਕਣਕ ਨੂੰ ਸਾੜ ਕੇ ਸੁਆਹ ਕਰ ਦਿੱਤਾ | ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ | ਐੱਸ.ਐੱਚ.ਓ. ਬਲਬੀਰ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਫਾਇਰ ਬਿ੍ਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ |