ਤਰਨ ਤਾਰਨ, 18 ਅਪ੍ਰੈਲ (ਪਰਮਜੀਤ ਜੋਸ਼ੀ)-ਪ੍ਰਸਿੱਧ ਸਿੱਖਿਅਕ ਸੰਸਥਾ ਮਮਤਾ ਨਿਕੇਤਨ ਸਕੂਲ ਤਰਨ ਤਾਰਨ ਵਿਚ ਵਿਸ਼ਵ ਵਿਰਾਸਤ ਦਿਵਸ ਦੇ ਮੌਕੇ 'ਤੇ ਵਿਦਿਆਰਥੀਆਂ ਨੂੰ ਵਿਰਾਸਤ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ ਵਿਚ ਉਨ੍ਹਾਂ ਦੁਆਰਾ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ | ਸਭ ਤੋਂ ਪਹਿਲਾਂ ਬੱਚਿਆਂ ਲਈ ਵਿਰਾਸਤੀ ਸਥਾਨਾਂ ਦਾ ਵਰਚੁਅਲ ਟੂਰ ਕਰਵਾਇਆ ਗਿਆ | ਜਿਸ ਰਾਹੀਂ ਉਨ੍ਹਾਂ ਨੇ ਵੱਖ-ਵੱਖ ਇਤਿਹਾਸਿਕ ਅਤੇ ਸੰਸਕਿ੍ਤਿਕ ਥਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਦੇ ਨਾਲ ਹੀ ਆਪਣੀ ਵਿਰਾਸਤ ਦੀ ਸਾਂਭ ਸੰਭਾਲ ਸੰਬੰਧੀ ਪੋਸਟਰ ਮੇਕਿੰਗ, ਕੋਲਾਜ ਮੇਕਿੰਗ ਅਤੇ ਸਲੋਗਨ ਲੇਖਣ ਮੁਕਾਬਲੇ ਕਰਵਾਏ ਗਏ | ਜਿਸ ਵਿਚ ਬੱਚਿਆਂ ਦੀ ਅਦਭੁੱਤ ਰਚਨਾਤਮਕਤਾ ਅਤੇ ਕਲਾਤਮਕਤਾ ਦੇਖਣ ਨੂੰ ੂੰ ਮਿਲੀ | ਇਸ ਤੋਂ ਇਲਾਵਾ ਬੱਚਿਆਂ ਦੀ ਜਾਣਕਾਰੀ ਵਿਚ ਵਾਧਾ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਭਾਸ਼ਣ ਮੁਕਾਬਲੇ ਅਤੇ ਕੁਇਜ਼ ਜਿਹੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਉਨ੍ਹਾਂ ਨੇ ਵੱਧ ਚੜ ਕੇ ਹਿੱਸਾ ਲਿਆ | ਇਸ ਵਿੱਚ ਛੋਟੇ-ਛੋਟੇ ਬੱਚਿਆਂ ਨੇ ਵੀ ਪੰਜਾਬੀ ਸੰਸਕਿ੍ਤੀ ਅਤੇ ਸੱਭਿਆਚਾਰ ਦਾ ਪ੍ਰਗਟਾਵਾ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ | ਜਿਸ ਸਦਕਾ ਉਨ੍ਹਾਂ ਦੁਆਰਾ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਚਰਨ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਰਾਸਤ ਸਾਡੀ ਪਹਿਚਾਣ ਹੈ ਅਤੇ ਇਹ ਸਾਡੇ ਇਤਿਹਾਸਿਕ ਅਤੇ ਸੱਭਿਆਚਾਰਕ ਮੁੱਲਾਂ ਨੂੰ ਦਰਸਾਉਂਦੀ ਹੈ | ਸਾਨੂੰ ਆਪਣੀ ਵਿਰਾਸਤ ਨੂੰ ਸੰਭਾਲਣਾ ਅਤੇ ਉਸਦੀ ਰੱਖਿਆ ਕਰਨੀ ਚਾਹੀਦੀ ਹੈ, ਇਹ ਸਾਡੀ ਸਭ ਦੀ ਜਿੰਮੇਵਾਰੀ ਹੈ ਅਤੇ ਸਾਨੂੰ ਹਮੇਸ਼ਾ ਆਪਣੀ ਸੰਸਕਿ੍ਤੀ ਨਾਲ ਜੁੜੇ ਰਹਿਣਾ ਚਾਹੀਦਾ ਹੈ |