ਖਡੂਰ ਸਾਹਿਬ, 19 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਪਾਵਰਕਾਮ ਦੇ 66 ਕੇ.ਵੀ. ਸਬ ਸਟੇਸਨ ਨਾਗੋਕੇ ਤੋਂ ਚੱਲਦੀ ਬਿਜਲੀ ਸਪਲਾਈ ਦੇ ਪਿਛਲੇ ਕੁਝ ਦਿਨਾਂ ਤੋਂ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਦਾ ਬਹਾਨਾ ਬਣਾ ਕੇ ਲਗਾਏ ਜਾ ਰਹੇ ਅਰਬਨ ਅਤੇ ਟਿਊਬਵੈਲਾਂ ਤੇ ਬੇਹਿਸਾਬਾ ਬਿਜਲੀ ਦੇ ਕੱਟ ਜਨਤਾ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕਰ ਰਹੇ ਹਨ | ਜਾਣਕਾਰੀ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਸਤਪਾਲ ਸਿੰਘ ਨੱਥੋਕੇ ਨੇ ਦੱਸਿਆ ਕਿ ਇਕ ਪਾਸੇ ਤਾਂ ਕਿਸਾਨ ਮਜ਼ਦੂਰ ਦਿਨੇ ਕੰਮ ਧੰਦੇ ਕਾਰਨ ਥੱਕਿਆਂ ਰਾਤ ਨੂੰ ਦੋ ਪਲ ਸੌਣ ਲਈ ਘਰ ਵੜਦਾ ਹੈ, ਪਰ ਬਿਜਲੀ ਵਿਭਾਗ ਵਲੋਂ ਉਸ ਵੇਲੇ ਅਰਬਨ ਬਿਜਲੀ ਦਾ ਕੱਟ ਲਾ ਕੇ ਨੀਂਦ ਹਰਾਮ ਕਰ ਦਿੱਤੀ ਜਾਦੀ ਹੈ, ਉਪਰੋਂ ਬੰਬੀਆਂ ਦੀ ਬਿਜਲੀ ਦੇ ਕੱਟ ਲੱਗਣ ਨਾਲ ਫ਼ਸਲਾਂ ਸੋਕੇ ਕਾਰਨ ਬਰਬਾਦ ਹੋਣ ਦਾ ਖਤਰਾ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕੇ ਜੇਕਰ ਬਿਜਲੀ ਅਧਿਕਾਰੀਆਂ ਵਲੋਂ ਸਮੇਂ ਸਿਰ ਲਾਈਨਾਂ ਦੀ ਮੁਰੰਮਤ ਕੀਤੀ ਹੋਵੇ ਤਾਂ ਫ਼ਸਲਾਂ ਨੂੰ ਅੱਗ ਲੱਗਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ | ਉਨ੍ਹਾਂ ਕਿਹਾ ਕਿ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਲਈ ਬਿਜਲੀ ਦੇਖ ਕੱਟ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਦੇ ਕੱਟ ਖਤਮ ਨਾ ਕੀਤੇ ਗਏ ਤਾਂ ਕਿਰਤੀ ਕਿਸਾਨ ਯੂਨੀਅਨ ਵਲੋਂ ਨਾਗੋਕੇ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ |
ਬਿਜਲੀ ਦੇ ਲੱਗਦੇ ਕੱਟ ਜੇਕਰ ਬੰਦ ਨਾ ਕੀਤੇ ਤਾਂ ਕਿਸਾਨ ਜਥੇਬੰਦੀ ਦੇਵੇਗੀ ਦਫ਼ਤਰ ਅੱਗੇ ਧਰਨਾ-ਨੱਥੋਕੇ <br/>
ਅਜੀਤ ਡੈਸਕ
20-04-2026