ਤਰਨ ਤਾਰਨ, 18 ਅਪ੍ਰੈਲ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਅਤੇ ਪਾਰਟੀ ਦੇ ਲਗਾਤਾਰ ਡਿੱਗ ਰਹੇ ਸਿਆਸੀ ਗ੍ਰਾਫ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਖ਼ਤ ਨਸੀਹਤ ਦਿੱਤੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਗ਼ਲਤ ਸਲਾਹਕਾਰਾਂ ਦੇ ਪ੍ਰਭਾਵ ਹੇਠ ਆ ਕੇ ਮਰਹੂਮ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਕੱਦਵਾਰ ਟਕਸਾਲੀ ਆਗੂਆਂ ਦੇ ਪਰਿਵਾਰਾਂ ਨੂੰ ਨਜ਼ਰਅੰਦਾਜ਼ ਕਰਨਾ ਪਾਰਟੀ ਲਈ ਸਿਆਸੀ ਖੁਦਕੁਸ਼ੀ ਸਾਬਤ ਹੋਵੇਗਾ | ਪੀਰ ਮੁਹੰਮਦ ਨੇ ਆਖਿਆ ਕਿ ਅਕਾਲੀ ਧੜਿਆਂ ਦੀ ਏਕਤਾ ਪਾਰਟੀ ਦੀ ਮਜ਼ਬੂਤੀ ਅਤੇ ਪੰਥਕ ਏਕਤਾ ਦੀ ਬਹਾਲੀ ਦਾ ਇੱਕੋ-ਇੱਕ ਰਾਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਸਮਰਪਿਤ ਹੋਣਾ ਹੈ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨੇਕ ਸਲਾਹ ਦਿੰਦਿਆਂ ਕਿਹਾ ਕਿ ਪਾਰਟੀ ਦੇ ਭਵਿੱਖੀ ਫ਼ੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਲੈਣ ਅਤੇ ਅਹੁਦਿਆਂ ਦੀ ਵੰਡ ਕਰਨ ਵੇਲੇ 2 ਦਸੰਬਰ ਦੇ ਹੁਕਮਨਾਮੇ ਨੂੰ ਮੁੱਖ ਆਧਾਰ ਬਣਾਇਆ ਜਾਵੇ | ਉਨ੍ਹਾਂ ਸਪੱਸ਼ਟ ਇਸ਼ਾਰਾ ਕਰਦਿਆਂ ਕਿਹਾ ਕਿ ਸਿਰਫ਼ ਸਿਆਸੀ ਜੋੜ-ਤੋੜ ਅਤੇ ਅਹੁਦਿਆਂ ਦੀ ਵੰਡ ਨਾਲ ਪਾਰਟੀ ਮਜ਼ਬੂਤ ਨਹੀਂ ਹੋਵੇਗੀ, ਬਲਕਿ ਹਰੇਕ ਵਰਕਰ ਅਤੇ ਟਕਸਾਲੀ ਆਗੂ ਨੂੰ ਇਹ ਅਹਿਸਾਸ ਕਰਵਾਉਣਾ ਪਵੇਗਾ ਕਿ ਪਾਰਟੀ ਵਿਚ ਉਨ੍ਹਾਂ ਦਾ ਮਾਣ-ਸਨਮਾਨ ਸੁਰੱਖਿਅਤ ਹੈ | ਗ਼ਲਤ ਸਲਾਹਕਾਰਾਂ ਦੀਆਂ ਚਾਲਾਂ ਵਿਚ ਆ ਕੇ ਲਏ ਗਏ ਫ਼ੈਸਲਿਆਂ ਨੇ ਹੀ ਸਾਡੀ ਤਾਕਤ ਨੂੰ ਖਿੰਡਾਇਆ ਹੈ ਅਤੇ ਪੰਥਕ ਸਫ਼ਾਂ ਵਿੱਚ ਭਾਰੀ ਨਿਰਾਸ਼ਾ ਪੈਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਥੇਬੰਦੀ ਅਤੇ ਮਰਹੂਮ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਖਦੇਵ ਸਿੰਘ ਢੀਂਡਸਾ, ਸੁਰਜੀਤ ਸਿੰਘ ਬਰਨਾਲਾ, ਜਥੇਦਾਰ ਪ੍ਰੇਮ ਸਿੰਘ ਲਾਲਪੁਰਾ, ਜਥੇਦਾਰ ਮੋਹਣ ਸਿੰਘ ਤੁੜ, ਸੇਵਾ ਸਿੰਘ ਸੇਖਵਾਂ, ਪ੍ਰਕਾਸ਼ ਸਿੰਘ ਮਜੀਠਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਕੈਪਟਨ ਕੰਵਲਜੀਤ ਸਿੰਘ ਵਰਗੇ ਅਨੇਕਾਂ ਹੋਰ ਟਕਸਾਲੀ ਅਕਾਲੀ ਮਹਾਨ ਆਗੂਆਂ ਦੇ ਪਰਿਵਾਰ ਹੀ ਪਾਰਟੀ ਦੀ ਰੂਹ ਅਤੇ ਅਸਲ ਤਾਕਤ ਹਨ | ਇਨ੍ਹਾਂ ਪਰਿਵਾਰਾਂ ਦੀਆਂ ਪੰਥਕ ਘਾਲਣਾਵਾਂ ਨੂੰ ਬਣਦਾ ਮਾਣ-ਸਤਿਕਾਰ ਦੇ ਕੇ ਹੀ ਪਾਰਟੀ ਮੁੜ ਆਪਣੇ ਪੈਰਾਂ 'ਤੇ ਖੜ੍ਹੀ ਹੋ ਸਕਦੀ ਹੈ | ਜੇਕਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿਚ ਇਕ ਵਾਰ ਫਿਰ ਪੰਥਕ ਸਰਕਾਰ ਦਾ ਮੁੱਢ ਬੱਝੇ ਅਤੇ ਲੋਕਾਂ ਦਾ ਵਿਸ਼ਵਾਸ ਬਹਾਲ ਹੋਵੇ, ਤਾਂ ਸਾਨੂੰ ਸਿਧਾਂਤਾਂ 'ਤੇ ਪਹਿਰਾ ਦੇਣਾ ਪਵੇਗਾ |
ਸ਼੍ਰੋਮਣੀ ਅਕਾਲੀ ਦਲ ਦੀ ਮੁੜ-ਸੁਰਜੀਤੀ ਦਾ ਰਾਹ ਸ੍ਰੀ ਅਕਾਲ ਤਖ਼ਤ ਤੋਂ ਹੀ ਲੰਘਦਾ-ਕਰਨੈਲ ਸਿੰਘ ਪੀਰ ਮੁਹੰਮਦ <br/>
ਅਜੀਤ ਡੈਸਕ
20-04-2026