ਤਰਨ ਤਾਰਨ, 21 ਅਪ੍ਰੈਲ (ਹਰਿੰਦਰ ਸਿੰਘ)-ਸ਼ਹਿਰ ਵਿਚਲਾ ਕਸਬਾ ਮੁਰਾਦਪੁਰਾ ਵਿਖੇ ਸੀਵਰੇਜ ਸਿਸਟਮ ਦਾ ਬੁਰਾ ਹਾਲ ਹੋਇਆ ਪਿਆ ਹੈ | ਸੀਵਰੇਜ ਦਾ ਗੰਦਾ ਪਾਣੀ ਗਲੀ, ਮੁਹੱਲਿਆਂ ਵਿਚ ਖੜਾ ਬਦਬੂ ਮਾਰ ਰਿਹਾ ਹੈ ਅਤੇ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ, ਜਿਸ ਕਾਰਨ ਲੋਕ ਨਰਕ ਭਰੀ ਜਿੰਦਗੀ ਜੀਣ ਲਈ ਮਜਬੂਰ ਹੋ ਰਹੇ ਹਨ ਪ੍ਰੰਤੂ ਸੰਬੰਧਿਤ ਨਗਰ ਕੌਂਸਲ ਵਿਭਾਗ ਇਸ ਤਰਫ਼ ਕੋਈ ਧਿਆਨ ਨਹੀਂ ਦੇ ਰਿਹਾ | ਕਸਬਾ ਮੁਰਾਦਪੁਰਾ ਵਿਖੇ ਵੱਡੀ ਵਸੋਂ ਵਿਚ ਆਬਾਦੀ ਰਹਿੰਦੀ ਹੈ ਪਰ ਇਥੋਂ ਦਾ ਸੀਵਰੇਜ ਸਿਸਟਮ ਅਕਸਰ ਜਾਮ ਰਹਿੰਦਾ ਹੈ, ਜਿਸਦੀ ਚੰਗੀ ਤਰ੍ਹਾਂ ਸਾਫ਼ ਸਫਾਈ ਨਾ ਹੋਣ ਕਾਰਨ ਸੀਵਰੇਜ ਓਵਰਫਲੋ ਹੋ ਕੇ ਵਗ ਰਹੇ ਹਨ ਅਤੇ ਸੀਵਰੇਜ ਦਾ ਗੰਦਾ ਪਾਣੀ ਗਲੀਆਂ, ਮੁਹੱਲੇ ਅਤੇ ਲੋਕਾਂ ਦੇ ਘਰਾਂ ਅੰਦਰ ਜਾ ਰਿਹਾ ਹੈ, ਜਿਸ ਕਾਰਨ ਜਿਥੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਕਸਬਾ ਮੁਰਾਦਪੁਰਾ ਵਿਚ ਪੈਂਦੇ ਵਾਰਡ ਨੰਬਰ 15 ਦੀ ਗਲੀ ਦਲਬੀਰ ਸਿੰਘ ਐੱਮ.ਸੀ. ਅਤੇ ਗੁਰਦੁਆਰਾ ਬਾਬਾ ਜੀਵਨ ਸਿੰਘ, ਭੱਠਾ ਮੁਹੱਲਾ, ਟੈਂਕੀ ਵਾਲਾ ਮੁਹੱਲਾ ਵਿਖੇ ਕਈ ਸਾਲਾਂ ਤੋਂ ਸੀਵਰੇਜ ਸਮੱਸਿਆ ਬਣੀ ਹੋਈ ਹੈ | ਕਈ ਸਰਕਾਰਾਂ ਚਾਹੇ ਅਕਾਲੀ ਦਲ, ਚਾਹੇ ਕਾਂਗਰਸ ਦੀ ਹੋਵੇ ਜਾਂ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇੇ ਕਿਸੇ ਵੀ ਸਰਕਾਰਾਂ ਨੇ ਕਸਬਾ ਮੁਰਾਦਪੁਰਾ ਦੇ ਸੀਵਰੇਜ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਇਥੋਂ ਦੇ ਲੋਕ ਨਰਕ ਭਰੀ ਜਿੰਦਗੀ ਜੀਅ ਰਹੇ ਹਨ ਅਤੇ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਕੋਸ ਰਹੇ ਹਨ | ਮੁਰਾਦਪੁਰਾ ਨਿਵਾਸੀ ਬਲਦੇਵ ਸਿੰਘ, ਦਲਬੀਰ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਕੌਰ, ਸਤਵਿੰਦਰ ਕੌਰ, ਸੰਦੀਪ ਕੌਰ, ਸੁਮਨਦੀਪ ਕੌਰ, ਅਰੁਣ ਸਿੰਘ, ਵਰੁਣ ਸਿੰਘ, ਪਵਨਦੀਪ ਸਿੰਘ, ਬਲਜੀਤ ਸਿੰਘ, ਅਜੇ ਸਿੰਘ, ਕਰਨ ਸਿੰਘ ਆਦਿ ਤੋਂ ਇਲਾਵਾ ਹੋਰਨਾ ਦੱਸਿਆ ਕਿ ਮੁਰਾਦਪੁਰਾ ਵਿਖੇ ਸੀਵਰੇਜ ਅਕਸਰ ਜਾਮ ਹੀ ਰਹਿੰਦਾ ਹੈ ਅਤੇ ਗੰਦਾ ਪਾਣੀ ਮੁਹੱਲੇ ਅਤੇ ਗਲੀਆਂ ਵਿਚ ਖ਼ੜਾ ਰਹਿੰਦਾ ਹੈ, ਜਿਸ ਵਿਚੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ, ਉਥੇ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਬਦਬੂ ਆ ਰਹੀ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਸੀਵਰੇਜ ਦੀ ਸਾਫ਼ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਨਗਰ ਕੌਂਸਲ ਤਰਨ ਤਾਰਨ ਦੇ ਕਾਰਜ ਸਾਧਕ ਅਫਸਰ ਪਾਸੋਂ ਮੰਗ ਕੀਤੀ ਕਿ ਕਸਬਾ ਮੁਰਾਦਪੁਰਾ ਵਿਖੇ ਸੀਵਰੇਜ ਦੀ ਵੱਡੀਆਂ ਮਸ਼ੀਨਾਂ ਨਾਲ ਸਾਫ ਸਫਾਈ ਕਰਵਾਈ ਜਾਵੇ ਅਤੇ ਸੀਵਰੇਜ ਦੇ ਟੁੱਟੇ ਹੋਏ ਢੱਕਣ ਜਿਸ ਕਾਰਨ ਕਿਸੇ ਸਮੇਂ ਵੀ ਕੋਈ ਹਾਦਸਾ ਹੋ ਸਕਦਾ ਹੈ ਉਨ੍ਹਾਂ ਨੂੰ ਬਦਲਿਆ ਜਾਵੇ ਅਤੇ ਨਵੇਂ ਢੱਕਣ ਲਗਾਏ ਜਾਣ |