ਖਡੂਰ ਸਾਹਿਬ, 22 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਬੀਤੇ ਦਿਨੀਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਅਵਤਾਰ ਸਿੰਘ ਬਿੱਲਾ ਸਰਪੰਚ ਸੇਰੋਂ ਦੀ ਧਰਮ ਪਤਨੀ ਬੀਬੀ ਰਮਨਦੀਪ ਕੌਰ ਸੇਰੋਂ ਰੋਡ ਸ਼ੋਅ ਦੌਰਾਨ ਆਪਣੇ ਸੈਂਕੜੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਪੁੱਜੇ | ਇਸ ਮੌਕੇ ਹਲਕਾ ਖਡੂਰ ਸਾਹਿਬ ਦੀ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਤੋਂ ਦੂਰੀ ਬਣਾਈ ਰੱਖੀ ਅਤੇ ਕੋਈ ਵੀ ਆਗੂ ਉਨ੍ਹਾਂ ਦੇ ਨਾਲ ਨਹੀਂ ਪਹੁੰੰਚਿਆ | ਇਸ ਮੌਕੇ ਉਨ੍ਹਾਂ ਵਾਹਿਗੁਰੂ ਦੇ ਚਰਨਾਂ ਵਿਚ ਹਲਕੇ ਦੀ ਚੜ੍ਹਦੀਕਲਾ ਲਈ ਅਰਦਾਸ ਬੇਨਤੀ ਕਰਵਾਈ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਮੱਥਾ ਟੇਕਿਆ | ਇਸ ਮੌਕੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਪਰਮਜੀਤ ਸਿੰਘ ਬਾਣੀਆ ਨੇ ਬੀਬੀ ਰਮਨਦੀਪ ਕੌਰ ਅਤੇ ਅਵਤਾਰ ਸਿੰਘ ਬਿੱਲਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤੇ | ਰੋਡ ਸ਼ੋਅ ਦੌਰਾਨ ਜਿਥੇ ਵੱਡੀ ਗਿਣਤੀ ਵਿਚ ਖਡੂਰ ਸਾਹਿਬ ਵਿਖੇ ਲੋਕਾਂ ਵਲੋਂ ਨਵ ਨਿਯੁਕਤ ਹਲਕਾ ਇੰਚਾਰਜ ਦਾ ਭਰਵਾਂ ਸਵਾਗਤ ਕੀਤਾ, ਉਥੇ ਹੀ ਹਲਕੇ ਦੇ ਪੁਰਾਣੇ ਟਕਸਾਲੀ ਸਿਰਕੱਢ ਆਗੂਆਂ ਨੇ ਰੋਡ ਸ਼ੋਅ ਤੋਂ ਦੂਰੀ ਬਣਾਈ ਰੱਖੀ, ਜੋ ਸ਼ਾਇਦ ਹਲਕੇ ਵਿਚ ਅਕਾਲੀ ਦਲ ਦੇ ਦੋਫਾੜ ਹੋਣ ਵੱਲ ਇਸ਼ਾਰਾ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹਲਕਾ ਖਡੂਰ ਵਿਚ ਪੁਰਾਣੇ ਟਕਸਾਲੀ ਅਕਾਲੀਆਂ ਦਾ ਲਾਵਾ ਫੁੱਟਣ ਦੇ ਵੀ ਅਸਾਰ ਦਿਖਾਈ ਦੇ ਰਹੇ ਹਨ | ਇਸ ਮੌਕੇ ਬੀਬੀ ਰਮਨਦੀਪ ਕੌਰ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਔਰਤਾਂ ਨੂੰ ਹਲਕਾ ਇੰਚਾਰਜ ਲਗਾ ਕੇ ਔਰਤਾਂ ਨੂੰ ਵੱਡਾ ਮਾਣ ਸਤਿਕਾਰ ਦਿੱਤਾ ਹੈ | ਇਸ ਮੌਕੇ ਅਵਤਾਰ ਸਿੰਘ ਬਿੱਲਾ ਨੇ ਕਿਹਾ ਕਿ ਪਾਰਟੀ ਵਲੋਂ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ, ਜਿਸ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਦਾ ਰਿਣੀ ਰਹਾਂਗੇ ਅਤੇ ਹਲਕੇ ਦੀ ਦਿਨ ਰਾਤ ਮਿਹਨਤ ਕਰਾਂਗੇ | ਇਸ ਮੌਕੇ ਰਾਜਪਾਲ ਸਿੰਘ ਸੇਰੋਂ, ਸਿਕੰਦਰ ਸਿੰਘ ਵਰਾਣਾ, ਬਾਬਾ ਇੰਦਰਜੀਤ ਸਿੰਘ ਖੱਖ ਗੋਇੰਦਵਾਲ ਸਾਹਿਬ, ਸਤਨਾਮ ਸਿੰਘ ਸੇਰੋਂ, ਦਿਲਬਾਗ ਸਿੰਘ ਸੇਰੋਂ, ਹਰਜੀਤ ਸਿੰਘ ਸੇਰੋਂ, ਭਗਵਾਨ ਸਿੰਘ, ਗੁਰਦੇਵ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ, ਹੀਰਾ ਸਿੰਘ ਠੇਕੇਦਾਰ ਹਰੀਕੇ, ਹਰਵਿੰਦਰ ਸਿੰਘ ਸੇਰੋਂ, ਬਲਰਾਜ ਸਿੰਘ ਪਿੱਦੀ, ਅੰਮਿ੍ਤ ਸਿੰਘ ਬਜੜਾ, ਬਲਦੇਵ ਸਿੰਘ ਕੱਲਾ, ਗੁਰਜੀਤ ਕੌਰ, ਪ੍ਰਭਜੀਤ ਕੌਰ ਆਦਿ ਹਾਜ਼ਰ ਸਨ |