ਚੋਹਲਾ ਸਾਹਿਬ, 22 ਅਪ੍ਰੈਲ (ਬਲਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅੰਦਰ ਪੈਰ ਪਸਾਰ ਰਹੇ ਨਸ਼ਿਆਂ, ਗੈਂਗਸਟਰਵਾਦ ਅਤੇ ਦਾਗੀ ਅਨਸਰਾਂ ਨੂੰ ਮਿਲ ਰਹੀ ਕਥਿਤ ਹਮਾਇਤ ਦੇ ਖ਼ਿਲਾਫ਼ ਇਕ ਵੱਡੀ ਲੋਕ-ਲਹਿਰ ਦਾ ਆਗਾਜ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਸ੍ਰੀ ਚੋਹਲਾ ਸਾਹਿਬ ਵਿਖੇ ਭਾਰੀ ਸੰਗਤ ਸਮੇਤ ਗੁਰੂ ਚਰਨਾਂ 'ਚ ਅਰਦਾਸ ਕੀਤੀ | ਇਸ ਅਰਦਾਸ ਤੋਂ ਤੁਰੰਤ ਬਾਅਦ ਬ੍ਰਹਮਪੁਰਾ ਵਲੋਂ ਇਲਾਕੇ ਨੂੰ ਮਾੜੇ ਅਨਸਰਾਂ ਤੋਂ ਮੁਕਤ ਕਰਵਾਉਣ ਲਈ ਪਿੰਡ-ਪਿੰਡ ਜਾ ਕੇ ਵਿਆਪਕ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਮੌਕੇ ਪੱਤਰਕਾਰਾਂ ਅਤੇ ਸੰਗਤਾਂ ਨਾਲ ਗੱਲਬਾਤ ਕਰਦਿਆਂ ਬ੍ਰਹਮਪੁਰਾ ਨੇ ਬਿਨਾਂ ਕਿਸੇ ਦਾ ਨਾਂਅ ਲਏ ਸਿਆਸੀ ਹਲਕਿਆਂ 'ਚ ਵੱਡਾ ਧਮਾਕਾ ਕੀਤਾ | ਉਨ੍ਹਾਂ ਸਪੱਸ਼ਟ ਕੀਤਾ ਕਿ 8 ਗੁਰੂ ਸਾਹਿਬਾਨਾਂ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤੀ ਨੂੰ ਕਦੇ ਵੀ ਉਨ੍ਹਾਂ ਲੋਕਾਂ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦਾ ਪਿਛੋਕੜ ਸੰਗੀਨ ਜੁਰਮਾਂ ਅਤੇ ਨਸ਼ਾ-ਤਸਕਰੀ ਨਾਲ ਜੁੜਿਆ ਹੋਵੇ | ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸਿਆਸਤ ਵਿਚ ਅਹੁਦਿਆਂ ਜਾਂ ਕੁਰਸੀਆਂ ਦੀ ਖ਼ਾਤਰ ਪੰਥਕ ਅਸੂਲਾਂ ਅਤੇ ਸਾਡੀ ਆਉਣ ਵਾਲੀ ਨਸਲ ਦਾ ਸੌਦਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਜਦੋਂ ਸਿਆਸੀ ਧਿਰਾਂ ਇਨਸਾਫ਼ ਕਰਨ ਤੋਂ ਅੱਖਾਂ ਫ਼ੇਰ ਲੈਣ ਅਤੇ ਦਾਗੀ ਅਨਸਰਾਂ ਨੂੰ ਗਲੇ ਲਗਾਉਣ ਲੱਗ ਪੈਣ ਤਾਂ ਖ਼ਾਲਸੇ ਕੋਲ ਸਿਰਫ਼ ਅਕਾਲ ਪੁਰਖ ਦੀ ਕਚਹਿਰੀ ਦਾ ਹੀ ਆਸਰਾ ਰਹਿ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਾਡੀ ਲੜਾਈ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ-2026' ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤੀ ਨਾਲ ਲਾਗੂ ਕਰਵਾਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਹੈ | ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਇਤਿਹਾਸਕ ਫ਼ੈਸਲਿਆਂ ਦੀ ਸ਼ਲਾਘਾ ਆਪਣੀ ਜਗ੍ਹਾ ਹੈ, ਪਰ ਪੁਰਾਣੇ ਗੁਨਾਹਗਾਰਾਂ ਦੇ ਹਿਸਾਬ ਬਿਨਾਂ ਪੰਥ ਦਾ ਇਨਸਾਫ਼ ਨਹੀਂ ਹੋਵੇਗਾ ਅਤੇ ਯਾਦ ਰਹੇ ਖਡੂਰ ਸਾਹਿਬ ਦੀ ਅੱਜ ਦੀ ਖ਼ਾਮੋਸ਼ੀ ਕੋਈ ਕਮਜ਼ੋਰੀ ਨਹੀਂ, ਬਲਕਿ ਉਸ ਸਿਆਸੀ ਤੂਫ਼ਾਨ ਦੀ ਆਹਟ ਹੈ ਜੋ ਕਈਆਂ ਦੇ ਸਿਆਸੀ ਅਖਾੜਿਆਂ ਦੀਆਂ ਜੜ੍ਹਾਂ ਪੁੱਟ ਦੇਵੇਗਾ | ਇਸ ਮੌਕੇ ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਡਾ. ਜਤਿੰਦਰ ਸਿੰਘ, ਦਿਲਬਾਗ ਸਿੰਘ ਕਾਹਲਵਾਂ, ਕੰਵਰਦੀਪ ਸਿੰਘ ਬ੍ਰਹਮਪੁਰਾ, ਦਿਲਬਰ ਸਿੰਘ, ਬਲਬੀਰ ਸਿੰਘ ਬੱਲੀ, ਸਾਧਾ ਸਿੰਘ ਪ੍ਰਧਾਨ, ਗੁਰਦਿਆਲ ਸਿੰਘ ਸੈਕਟਰੀ, ਦਲਬੀਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਪੂਰਨ ਸਿੰਘ, ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰ, ਰਣਜੀਤ ਸਿੰਘ ਭੱਠਲ, ਸ਼ਿੰਗਾਰਾ ਸਿੰਘ ਵਰਿ੍ਹਆਂ, ਦਵਿੰਦਰ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਸਰਪੰਚ ਰਾਣੀਵਲਾਹ, ਰਘਬੀਰ ਸਿੰਘ ਰਿੰਕੂ ਬ੍ਰਹਮਪੁਰਾ, ਮੋਹਨ ਸਿੰਘ, ਜਗਰੂਪ ਸਿੰਘ ਪੱਖੋਪੁਰ, ਬਾਵਾ ਸਿੰਘ ਸਾਬਕਾ ਸਰਪੰਚ ਰੱਤੋਕੇ, ਗੁਰਮੀਤ ਸਿੰਘ ਸੈਕਟਰੀ ਰੱਤੋਕੇ, ਮਾ. ਗੁਰਨਾਮ ਸਿੰਘ ਧੁੰਨ, ਜੋਤਾ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ, ਸੂਬੇਦਾਰ ਬਲਵੰਤ ਸਿੰਘ, ਜੁਝਾਰ ਸਿੰਘ ਘੜਕਾ, ਫ਼ਤਹਿ ਸਿੰਘ ਸਰਪੰਚ ਘੜਕਾ, ਸਤਨਾਮ ਸਿੰਘ ਘੜਕਾ, ਪਰਮਜੀਤ ਸਿੰਘ ਚੰਬਾ, ਫ਼ਕਰ ਸਿੰਘ ਸੰਗਤਪੁਰਾ, ਮਨਜਿੰਦਰ ਸਿੰਘ ਸੰਗਤਪੁਰਾ ਅਤੇ ਰਣਜੀਤ ਸਿੰਘ ਮੁੰਡਾਪਿੰਡ ਸਮੇਤ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |