ਗੋਇੰਦਵਾਲ ਸਾਹਿਬ, 22 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਪਿਛਲੇ 3 ਦਹਾਕਿਆਂ ਤੋਂ ਵੱਧ ਪੁਰਾਣੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਛੋਟੇ ਬੱਚਿਆਂ ਲਈ ਇੰਟਰ ਹਾਊਸ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਸਕੂਲ ਦੇ ਚਾਰ ਸਦਨਾਂ ਦੇ ਵਿਦਿਆਰਥੀਆਂ ਨੇ ਧਰਤੀ ਦੀ ਸੰਭਾਲ ਅਤੇ ਵਾਤਾਵਰਨ ਦੀ ਰੱਖਿਆ ਬਾਰੇ ਸੁੰਦਰ ਸੰਦੇਸ਼ ਪੇਸ਼ ਕੀਤੇ | ਸਕੂਲ ਚੇਅਰਪਰਸਨ ਮੈਡਮ ਬਲਜੀਤ ਕੌਰ ਰੰਧਾਵਾ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਧਰਤੀ ਦੇ ਵਾਤਾਵਰਨ ਦੀ ਰੱਖਿਆ ਲਈ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਅਤੇ ਸੁੰਦਰ ਧਰਤੀ ਛੱਡ ਸਕੀਏ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਰਵਿੰਦਰ ਕੌਰ ਮਦਾਨ ਨੇ ਕਿਹਾ ਕਿ ਗਲੋਬਲ ਵਾਰਮਿੰਗ ਅਤੇ ਵਾਤਾਵਰਨੀ ਸਮੱਸਿਆਵਾਂ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ | ਇਸ ਲਈ ਸਾਨੂੰ ਸਭ ਨੂੰ ਮਿਲ ਕੇ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਅਸੀਂ ਧਰਤੀ ਨੂੰ ਸੱਚਮੁੱਚ ਸਵਰਗ ਬਣਾ ਸਕੀਏ | ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੇ ਹੋਰਾਂ ਨੂੰ ਵੀ ਐਸੀ ਗਤੀਵਿਧੀਆਂ ਵਿਚ ਜੋਸ਼ ਨਾਲ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਸਭ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |