ਤਰਨ ਤਾਰਨ, 23 ਅਪ੍ਰੈਲ (ਹਰਿੰਦਰ ਸਿੰਘ)-ਬੀਬੀ ਰਮਨਦੀਪ ਕੌਰ ਖਹਿਰਾ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਇਲਾਕੇ ਦੇ ਲੋਕਾਂ 'ਚ ਭਾਰੀ ਖੁਸ਼ੀ ਪਾਈ ਜਾ ਰਹੀ ਸੀ, ਉੱਥੇ ਬੀਬੀ ਰਮਨਦੀਪ ਕੌਰ ਖਹਿਰਾ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਵਲੋਂ ਆਪਣੇ ਸਮਰਥਕਾਂ ਸਮੇਤ ਹਲਕਾ ਖਡੂਰ ਸਾਹਿਬ ਵਿਚ ਕੱਢੇ ਗਏ ਰੋਡ ਸ਼ੋਅ ਦੌਰਾਨ ਲੋਕਾਂ ਵਲੋਂ ਭਰਵਾਂ ਮਾਣ ਸਤਿਕਾਰ ਦਿੱਤਾ ਗਿਆ, ਉਸ ਦਾ ਬੀਬੀ ਰਮਨਦੀਪ ਕੌਰ ਖਹਿਰਾ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਖਹਿਰਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੇ ਸਦਾ ਰਿਣੀ ਰਹਿਣਗੇ, ਜਿਨ੍ਹਾਂ ਵਲੋਂ ਉਨ੍ਹ©ਾਂ ਨੂੰ ਇਨ੍ਹਾਂ ਪਿਆਰ ਅਤੇ ਸਤਿਕਾਰ ਦਿੱਤਾ ਗਿਆ | ਇਸ ਮੌਕੇ ਬੀਬੀ ਰਮਨਦੀਪ ਕੌਰ ਖਹਿਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਹਲਕੇ ਦੀ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਹਲਕੇ ਵਿਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕਰ ਦੇਣਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਐਸੀ ਪਾਰਟੀ ਹੈ, ਜੋ ਮਹਿਲਾਵਾਂ ਨੂੰ ਵੀ ਪਾਰਟੀ ਵਿਚ ਅਹਿਮ ਜ਼ਿੰਮੇਵਾਰੀ ਸੌਂਪ ਰਹੀ ਹੈ, ਜਿਸ ਨਾਲ ਮਹਿਲਾਵਾਂ ਦਾ ਮਾਣ ਸਤਿਕਾਰ ਵੱਧ ਰਿਹਾ ਹੈ, ਉੱਥੇ ਵੱਡੀ ਗਿਣਤੀ ਵਿਚ ਮਹਿਲਾਵਾਂ ਪਾਰਟੀ ਨਾਲ ਜੁੜ ਰਹੀਆਂ ਹਨ | ਬੀਬੀ ਰਮਨਦੀਪ ਕੌਰ ਖਹਿਰਾ ਨੇ ਕਿਹਾ ਕਿ ਉਹ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ ਅਤੇ ਪਾਰਟੀ ਵਲੋਂ ਦਿੱਤੇ ਆਦੇਸ਼ਾ ਤਹਿਤ ਉਹ ਹਲਕੇ 'ਚ ਵਿਚਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਨਗੇ ਅਤੇ ਲੋਕ ਮੁੱਦਿਆਂ ਪ੍ਰਤੀ ਆਪਣੀ ਆਵਾਜ਼ ਨੂੰ ਬੁਲੰਦ ਕਰਨਗੇ |