ਅੰਮਿ੍ਤਸਰ, 23 ਅਪ੍ਰੈਲ (ਹਰਮਿੰਦਰ ਸਿੰਘ)-ਜੇਕਰ ਸ਼ਹਿਰ ਦੀਆਂ ਸੜਕਾਂ 'ਤੇ ਝਾਤ ਮਾਰੀ ਜਾਵੇ ਤਾਂ ਵਧੇਰੇ ਕਰਕੇ ਸੜਕਾਂ ਦੀ ਹਾਲਤ ਬਹੁਤ ਮੰਦੀ ਹੈ | ਸੜਕਾਂ 'ਤੇ ਵੱਡੇ ਛੋਟੇ ਟੋਏ ਪਏ ਹਨ | ਇੱਥੋਂ ਤੱਕ ਬਹੁਤ ਅਹਿਮ ਸੜਕਾਂ ਦੀ ਹਾਲਤ ਵੀ ਖਸਤਾ ਹੈ | ਕੁਝ ਸੜਕਾਂ ਦੀ ਮੁਰੰਮਤ ਤਾਂ ਕੀਤੀ ਜਾਂਦੀ ਹੈ ਪਰ ਉਹ ਵੀ ਸਿਰਫ਼ ਖਾਨਾਪੂਰਤੀ ਸਿੱਧ ਹੁੰਦੀ ਹੈ ਜੋ ਲੋਕਾਂ ਲਈ ਹੋਰ ਵੀ ਮੁਸ਼ਕਿਲਾਂ ਦਾ ਕਾਰਨ ਬਣ ਜਾਂਦੀਆਂ ਹਨ | ਅਜਿਹੀ ਇਕ ਸੜਕ ਹੈ ਹਾਲ ਗੇਟ ਦੇ ਬਾਹਰਵਾਰ ਤੋਂ ਪੁਲ ਪੌੜੀਆਂ ਨੂੰ ਜਾਣ ਵਾਲੀ ਸੜਕ, ਜਿਸ ਦੀ ਕੁਝ ਸਮਾਂ ਪਹਿਲਾਂ ਹੀ ਮੁਰੰਮਤ ਤਾਂ ਕੀਤੀ ਗਈ ਸੀ ਪਰ ਉਸ 'ਤੇ ਪਾਈ ਗਈ ਬੱਜਰੀ ਅਤੇ ਲੁੱਕ ਇਸ ਵੇਲੇ ਮੱਕੀ ਦੇ ਦਾਣਿਆਂ ਦੀ ਤਰ੍ਹਾਂ ਸੜਕ ਤੋਂ ਵੱਖ ਹੋ ਕੇ ਖਿੱਲਰੀ ਹੋਈ ਹੈ | ਜਿਸ ਤੋਂ ਤਿਲਕ ਕੇ ਲੋਕ ਸੜਕ 'ਤੇ ਡਿੱਗ ਕੇ ਸੱਟਾਂ ਲਗਵਾ ਰਹੇ ਹਨ | ਸ਼ਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਹਾਲ ਗੇਟ ਜਿੱਥੋਂ ਵੱਡੀ ਆਵਾਜਾਈ ਨਿਕਲਦੀ ਹੈ | ਇੱਥੋਂ ਹੀ ਸਟੇਸ਼ਨ ਨੂੰ ਵੀ ਇਕ ਰਸਤਾ ਨਿਕਲਦਾ ਹੈ | ਇਸ ਰਸਤੇ 'ਤੇ ਹਾਲ ਗੇਟ ਤੋਂ ਪੁਲ ਪੌੜੀਆਂ ਤੱਕ ਪੁਲ ਦੇ ਹੇਠਾਂ ਸਰਵਿਸ ਲਾਈਨ ਬਣੀ ਹੈ | ਇਸ ਸਰਵਿਸ ਲਾਈਨ ਰਾਹੀਂ ਵੱਡੀ ਗਿਣਤੀ 'ਚ ਲੋਕ ਗੋਲ ਬਾਗ਼ ਵਾਲੇ ਪਾਸੇ ਰੇਲਵੇ ਸਟੇਸ਼ਨ 'ਤੇ ਜਾਂਦੇ ਹਨ ਅਤੇ ਇਹ ਸਰਵਿਸ ਲਾਈਨ ਭੰਡਾਰੀ ਪੁਲ ਦੇ ਨਾਲ ਵੀ ਮਿਲਦੀ ਹੈ | ਇਸ ਸੜਕ ਦੀ ਹਾਲਤ ਅਕਸਰ ਹੀ ਮੰਦੀ ਰਹਿੰਦੀ ਹੈ | ਕੁਝ ਸਮਾਂ ਪਹਿਲਾਂ ਇਸ ਸੜਕ ਦੇ ਕੁਝ ਹਿੱਸੇ 'ਤੇ ਇੰਟਰਲਾਕਿੰਗ ਟਾਇਲਾਂ ਲਗਾ ਕੇ ਸੜਕ ਦੀ ਮੁਰੰਮਤ ਕੀਤੀ ਗਈ ਸੀ ਪਰ ਇਸ ਸੜਕ 'ਤੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਨਿਗਮ ਦਾ ਉਹ ਤਜਰਬਾ ਵੀ ਸਫ਼ਲ ਨਹੀਂ ਹੋਇਆ | ਪਹਿਲੀ ਹੀ ਬਰਸਾਤ ਵਿਚ ਇਹ ਸੜਕ ਫਿਰ ਟੁੱਟ ਗਈ | ਸੜਕ ਦੇ ਵਿਚਕਾਰ ਵੱਡੇ ਵੱਡੇ ਟੋਏ ਪੈ ਗਏ | ਇਸ ਤੋਂ ਬਾਅਦ ਫਿਰ ਕੁਝ ਹੀ ਸਮਾਂ ਪਹਿਲਾਂ ਲੁੱਕ ਅਤੇ ਬੱਜਰੀ ਪਾ ਕੇ ਸੜਕ ਦੀ ਮੁਰੰਮਤ ਕੀਤੀ ਗਈ ਸੀ, ਪਰ ਉਹ ਲੁੱਕ ਵਾਲੀ ਬੱਜਰੀ ਸੜਕ ਤੋਂ ਵੱਖ ਹੋ ਕੇ ਦਾਣਿਆਂ ਦੀ ਤਰ੍ਹਾਂ ਖਿਲਰੀ ਪਈ ਹੈ | ਜਿਸ ਤੋਂ ਤਿਲਕ ਕੇ ਦੋ ਪਹੀਆ ਵਾਹਨ ਚਾਲਕ ਆਮ ਹੀ ਡਿੱਗ ਕੇ ਸੱਟਾਂ ਲਗਵਾ ਰਹੇ ਹਨ | ਸੜਕ ਦੇ ਵਿਚਕਾਰ ਪਏ ਟੋਇਆਂ ਤੋਂ ਸਵਾਰੀਆਂ ਨਾਲ ਭਰੇ ਈ