ਤਰਨ ਤਾਰਨ, 27 ਅਪ੍ਰੈਲ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਤਰਨ ਤਾਰਨ ਅਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਸ਼ੋਸ਼ਲ ਮੀਡੀਏ 'ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਵਾਲੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਇਕ ਵਿਅਕਤੀ ਫ਼ਰਾਰ ਹੈ | ਥਾਣਾ ਸਦਰ ਤਰਨ ਤਾਰਨ ਦੇ ਏ.ਐੱਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜਗਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪੰਡੋਰੀ ਗੋਲਾ ਆਪਣੇ ਰਿਵਾਲਵਰ ਨਾਲ ਆਪਣੇ ਸ਼ੋਸਲ ਅਕਾਉਂਟ 'ਤੇ ਫੋਟੋਆਂ ਪਾਉਂਦਾ ਰਹਿੰਦਾ ਹੈ, ਜਿਸ ਨੇ ਆਪਣੇ 26 ਅਪ੍ਰੈਲ ਨੂੰ ਆਪਣੇ ਰਿਵਾਲਵਰ ਨਾਲ ਫੋਟੋਆਂ ਪਾਈਆਂ ਹਨ, ਜੋ ਅਜਿਹਾ ਕਰਕੇ ਗੰਨ ਕਲਚਰ ਨੂੰ ਬੜਾਵਾ ਦੇ ਰਿਹਾ ਹੈ, ਜਿਸ ਨਾਲ ਨੌਜਵਾਨ ਪੀੜ੍ਹੀ 'ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਜ਼ਿਲ੍ਹਾ ਮੈਜਿਟ੍ਰੇਟ ਤਰਨ ਤਾਰਨ ਦੇ ਹੁਕਮਾ ਦੀ ਉਲੰਘਣਾ ਕੀਤੀ ਹੈ | ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸੇ ਤਰ੍ਹਾਂ ਥਾਣਾ ਚੋਹਲਾ ਸਾਹਿਬ ਦੇ ਏ.ਐੱਸ.ਆਈ. ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮਨਬੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜਿਉਣੇਕੇ ਜੋ ਕਿ ਇਕ ਮੁਲਜ਼ਮ ਹੈ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਸ਼ੋਸ਼ਲ ਮੀਡੀਆ ਉਪਰ ਪੋਸਟਾਂ ਪਾ ਕੇ ਦਹਿਸ਼ਤ ਦਾ ਮਾਹੌਲ ਬਣਆ ਰਿਹਾ ਹੈ | ਜੇਕਰ ਇਲਾਕੇ ਵਿਚ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ ਤਾਂ ਤੁਰੰਤ ਉਨ੍ਹਾ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਉਸ ਨੂੰ ਕਾਬੂ ਕਰ ਲਿਆ ਜਾਵੇਗਾ |