ਮੀਆਂਵਿੰਡ, 27 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਇੰਚਾਰਜ ਤੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ | ਇਸ ਮੌਕੇ ਉਨ੍ਹਾਂ ਪੰਜਾਬ ਦੇ ਰਾਜਪਾਲ ਨਾਲ ਪੰਜਾਬ ਵਿਚ ਵੱਧ ਰਹੇ ਨਸ਼ਿਆਂ 'ਤੇ ਕਾਬੂ ਪਾਉਣ, ਗੈਂਗਸਟਰਾਂ ਵਲੋਂ ਲੋਕਾਂ ਨੰੂ ਦਿੱਤੀਆਂ ਜਾ ਰਹੀਆਂ ਧਮਕੀਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਜ਼ਿਲ੍ਹਾ ਅੰਮਿ੍ਤਸਰ ਅਤੇ ਤਰਨ ਤਾਰਨ ਵਿਚ ਐਸ.ਸੀ. ਭਾਈਚਾਰੇ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ | ਇਸ ਸੰਬੰਧੀ ਗੱਲਬਾਤ ਕਰਦਿਆਂ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਦੋਵਾਂ ਜ਼ਿਲਿ੍ਹਆਂ ਦੇ ਭਾਜਪਾ ਵਰਕਰਾਂ ਵਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਗ਼ਰੀਬ ਪਰਿਵਾਰਾਂ ਨਾਲ ਬਹੁਤ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ, ਸੋ ਤੁਸੀਂ ਗਰੀਬ ਪਰਿਵਾਰਾਂ ਨਾਲ ਸਬੰਧਿਤ ਪਰਿਵਾਰਾਂ ਦੀ ਮਦਦ ਕਰੋ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵਲੋਂ ਜਿਹੜੇ ਵੀ ਗਰੀਬ ਪਰਿਵਾਰ ਨਾਲ ਕੋਈ ਧੱਕਾ ਹੋਇਆ ਹੈ | ਉਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਭਾਜਪਾ ਦਾ ਸਾਥ ਦੇਣ ਤਾਂ ਉਹ ਦੂਰ ਨਹੀਂ ਜਦੋਂ ਯੂ.ਪੀ. ਦੀ ਤਰ੍ਹਾਂ ਪੰਜਾਬ ਵਿਚੋਂ ਵੀ ਗੈਂਗਸਟਰ ਕਲਚਰ ਖ਼ਤਮ ਹੋ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਹਲਕਾ ਮਜੀਠਾ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ, ਹਲਕਾ ਰਾਜਾ ਸਾਂਸੀ ਤੋਂ ਡਾ. ਸੁਸ਼ੀਲ ਦੇਵਗਨ, ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਜਰਨਲ ਸਕੱਤਰ ਰਜੇਸ਼ ਟਾਂਗਰੀ, ਜ਼ਿਲ੍ਹਾ ਤਰਨ ਤਾਰਨ ਦੇ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ ਅਮਰਪਾਲ ਸਿੰਘ ਖਹਿਰਾ, ਓ.ਬੀ.ਸੀ. ਮੋਰਚਾ ਦੇ ਜ਼ਿਲ੍ਹ੍ਹਾ ਪ੍ਰਧਾਨ ਮਨਜੀਤ ਸਿੰਘ ਬਾਊ ਭੈਣੀ, ਸਰਕਲ ਪ੍ਰਧਾਨ ਸਰਬਰਿੰਦਰ ਸਿੰਘ ਬੌਬੀ ਬੋਦੇਵਾਲ, ਸਰਕਲ ਪ੍ਰਧਾਨ ਕਰਮ ਸਿੰਘ ਖਲਚੀਆਂ, ਸਰਕਲ ਪ੍ਰਧਾਨ ਕੈਪਟਨ ਜਸਪਾਲ ਸਿੰਘ ਤਖਤੂਚੱਕ, ਜੱਸ ਭੋਰਸੀ, ਪਿੰਦਰ ਦੌਲੋਨੰਗਲ, ਰਵੀ ਟਪਿਆਲਾ ਆਦਿ ਹਾਜ਼ਰ ਸਨ |