ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਲੋਕ ਲਹਿਰ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਇਕ ਵਫਦ ਕਿਰਨਜੋਤ ਕੌਰ ਏ.ਡੀ.ਸੀ.ਨੂੰ ਮਿਲਿਆ ਅਤੇ ਉਨ੍ਹਾਂ ਨੂੰ ਗੁਰੂ ਕੀ ਨਗਰੀ ਤਰਨ ਤਾਰਨ ਵਿਖ਼ੇ ਨਿਯੁਕਤ ਹੋਣ 'ਤੇ ਜੀ ਆਇਆ ਕਿਹਾ | ਇਸ ਤੋਂ ਉਪਰੰਤ ਸਮੁੱਚੇ ਤਰਨ ਤਾਰਨ ਜ਼ਿਲ੍ਹੇ ਵਿਚ ਘਰੇਲ਼ੂ ਗੈਸ ਵਰਤਣ ਵਾਲਿਆਂ ਨੂੰ ਸਪਲਾਈ ਸੰਬੰਧੀ ਆ ਰਹੀ ਮੁਸ਼ਕਿਲ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ ਕਿਵੇਂ 25 ਦਿਨ ਦੀ ਬੁਕਿੰਗ ਤੋਂ ਬਾਅਦ 15 ਤੋਂ 20 ਦਿਨ ਮੋਬਾਇਲ 'ਤੇ ਮੈਸੇਜ ਆਉਣ ਤੋਂ ਬਾਅਦ ਗੈਸ ਸਿਲੰਡਰ ਦੀ ਡਿਲਵਰੀ ਮਿਲਦੀ ਹੈ | ਜਿਨ੍ਹਾਂ ਘਰਾਂ ਵਿਚ ਗੈਸ ਦੀ ਖ਼ਪਤ ਪਰਿਵਾਰ ਵੱਡਾ ਹੋਣ ਜਿਆਦਾ ਹੁੰਦੀ ਹੈ, ਉਨ੍ਹਾਂ ਦਾ ਸਿਲੰਡਰ ਮਸਾਂ ਹੀ 25 ਜਾਂ 30 ਦਿਨ ਚੱਲਦਾ ਹੈ ਅਤੇ ਉਨ੍ਹਾਂ ਨੂੰ ਮਜ਼ਬੂਰੀ ਵੱਸ 2 ਹਜ਼ਾਰ ਤੋਂ 2200 ਵਿਚ ਬਲੈਕ ਵਿਚ ਲੈ ਕੇ ਗੁਜ਼ਾਰਾ ਕਰਨਾ ਪੈਂਦਾ ਹੈ | ਇਸ ਤੋਂ ਬਾਅਦ ਹੜਤਾਲ ਦੇ ਕਾਰਨ ਸਮੁਚੇ ਜ਼ਿਲ੍ਹੇ ਵਿਚ ਥਾਂ-ਥਾਂ 'ਤੇ ਕੂੜ੍ਹੇ ਦੇ ਢੇਰ ਲੱਗੇ ਹੋਣ ਕਰਕੇ ਜੋ ਸਮੱਸਿਆ ਪੈਦਾ ਹੋ ਰਹੀ ਬਿਮਾਰੀਆਂ ਵੱਧਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ, ਉਸ ਨੂੰ ਜਲਦੀ ਹੱਲ ਕਰਨ ਵਾਸਤੇ ਲੋਕ ਲਹਿਰ ਪਾਰਟੀ ਦੇ ਮੈਂਬਰਾਂ ਅਤੇ 400 ਤੋਂ ਵੱਧ ਸ਼ਹਿਰ ਨਿਵਾਸੀਆਂ ਦੇ ਦਸਖਤ ਕਰਵਾ ਕੇ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਪਾਰਟੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਤੋਂ ਇਲਾਵਾ ਬਲਦੇਵ ਸਿੰਘ ਸ਼ਹਿਰੀ ਪ੍ਰਧਾਨ, ਕੁਲਵਿੰਦਰ ਸਿੰਘ ਖਜਾਨਚੀ, ਸੁਖਜਿੰਦਰ ਸਿੰਘ ਕਾਕਾ, ਬਾਬਾ ਪ੍ਰੇਮ ਸਿੰਘ, ਗੁਰਿੰਦਰ ਸਿੰਘ ਲਾਡੀ ਪ੍ਰਧਾਨ ਵਪਾਰ ਮੰਡਲ, ਬਿਕਰਮਜੀਤ ਸੁਹਾਵਾ, ਬਰਿੰਦਰ ਸਿੰਘ ਪ੍ਰਧਾਨ ਹੋਟਲ ਰੈਸਟੋਰੈਂਟ ਹਾਜ਼ਰ ਸਨ |