ਤਰਨ ਤਾਰਨ, 15 ਮਈ (ਇਕਬਾਲ ਸਿੰਘ ਸੋਢੀ)-ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਬਿਮਲ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਆਲ ਇੰਡੀਆ ਆਰਗਨਾਈਜੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ ਆਨਲਾਈਨ ਦਵਾਈਆਂ ਦੀ ਵਿਕਰੀ, ਜਿਸ ਵਿਚ ਨਕਲੀ ਅਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਸ਼ਾਮਿਲ ਹੈ, ਖਿਲਾਫ਼ ਪੂਰੇ ਭਾਰਤ ਵਿਚ 20 ਮਈ ਨੂੰ ਮੈਡੀਕਲ ਸਟੋਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਚ ਵੀ ਜ਼ਿਲ੍ਹਾ ਕੈਮਿਸਟਾਂ ਵਲੋਂ ਆਪਣੇ ਸਟੋਰ ਬੰਦ ਰੱਖੇ ਜਾਣਗੇ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਿਰਧਾਰਿਤ ਸਰਕਾਰੀ ਕਾਨੂੰਨਾਂ ਮੁਤਾਬਿਕ ਦਵਾਈ ਸਿਰਫ਼ ਮੈਡੀਕਲ ਪ੍ਰੈਕਟਿਸ਼ਨਰ ਦੇ ਦੁਆਰਾ ਜਾਂ ਉਸਦੀ ਹਾਜ਼ਰੀ ਵਿਚ ਹੀ ਦਿੱਤੀ ਜਾ ਸਕਦੀ ਹੈ, ਪਰ ਉੱਥੇ ਹੀ ਇਹ ਦਵਾਈਆਂ ਕੋਰੀਅਰ ਦੁਆਰਾ ਆਮ ਲੋਕਾਂ ਦੇ ਘਰਾਂ ਦੇ ਵਿਚ ਪਹੁੰਚਾਈਆਂ ਜਾ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ | ਇਸਦੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ, ਉੱਥੇ ਹੀ ਬਾਜ਼ਾਰ ਵਿਚ ਜ਼ਮੀਨੀ ਪੱਧਰ 'ਤੇ ਮਿਹਨਤ ਕਰਨ ਵਾਲੇ ਕਾਰੋਬਾਰੀਆਂ ਦੀ ਵੀ ਮੁਸੀਬਤ ਵੱਧ ਰਹੀ ਹੈ | ਆਨਲਾਈਨ ਦਵਾਈਆਂ ਦੀ ਵਿਕਰੀ ਦੇ ਨਾਲ ਦੇਸ਼ ਦਾ ਪੈਸਾ ਵਿਦੇਸ਼ਾਂ ਵਿਚ ਜਾ ਰਿਹਾ ਹੈ ਅਤੇ ਡਰੱਗ ਮਾਫ਼ੀਆ ਦੀ ਵੀ ਆਨਲਾਈਨ ਦਵਾਈਆਂ ਦੇ ਕਾਰੋਬਾਰ ਦੀ ਆੜ੍ਹ ਦੇ ਵਿਚ ਹਾਵੀ ਹੋਣ ਦੀ ਪੂਰੀ ਸੰਭਾਵਨਾ ਹੈ, ਜਿਸ ਕਾਰਨ 20 ਮਈ 2026 ਨੂੰ ਦੇਸ਼ ਭਰ ਦੇ ਕੈਮਿਸਟ ਆਪਣੇ ਸਟੋਰ ਬੰਦ ਰੱਖਣਗੇ | ਉਨ੍ਹਾਂ ਕਿਹਾ ਕਿ ਕੁਝ ਘੜੰਮ ਚੌਧਰੀ ਫੌਕੀ ਸ਼ੌਹਰਤ ਹਾਸਲ ਕਰਨ ਲਈ ਹੜਤਾਲ ਦੌਰਾਨ ਸਮਰਥਨ ਨਹੀਂ ਕਰ ਰਹੇ | ਉਨ੍ਹਾਂ ਜ਼ਿਲ੍ਹੇ ਭਰ ਦੇ ਸਮੂਹ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਹੜਤਾਲ ਦੌਰਾਨ ਆਪਣੇ ਮੈਡੀਕਲ ਸਟੋਰ ਬੰਦ ਰੱਖ ਕੇ ਹੜਤਾਲ ਨੂੰ ਕਾਮਯਾਬ ਕਰਨ |