ਮੀਆਂਵਿੰਡ, 20 ਮਈ (ਗੁਰਪ੍ਰਤਾਪ ਸਿੰਘ ਸੰਧੂ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾਂ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਸਲਾਨਾ ਨਤੀਜਿਆਂ ਵਿਚ ਵਧੀਆ ਅੰਕ ਲੈ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ | ਇੰਨ੍ਹਾਂ ਨਤੀਜਿਆਂ ਵਿਚ ਸਾਇੰਸ ਗਰੁੱਪ ਵਿੱਚ ਗੁਰਲੀਨ ਕੌਰ ਨੇ 93 ਫ਼ੀਸਦੀ ਪਹਿਲਾ ਸਥਾਨ, ਜਸਲੀਨ ਕੌਰ 92.3 ਫ਼ੀਸਦੀ ਦੂਜਾ ਸਥਾਨ, ਰੂਬਨਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ 88 ਫ਼ੀਸਦੀ ਤੀਸਰਾ ਸਥਾਨ, ਕਮਰਸ ਗਰੁੱਪ ਰਾਜਨਦੀਨ ਕੌਰ 80 ਫ਼ੀਸਦੀ ਪਹਿਲਾ , ਹਰਕੀਰਤ ਸਿੰਘ 78 ਫ਼ੀਸਦੀ ਦੂਜਾ ਤੇ ਲਵਪ੍ਰੀਤ ਸਿੰਘ 75 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ | ਬਾਕੀ ਦੇ ਵਿਦਿਆਰਥੀਆਂ ਨੇ ਵੀ ਵਧੀਆ ਅੰਕ ਲੈ ਕੇ ਇਹ ਪ੍ਰੀਖਿਆ ਪਾਸ ਕੀਤੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਜਗਪ੍ਰੀਤ ਕੌਰ ਨੇ ਅੱਵਲ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਤੇ ਭਵਿੱਖ ਵਿਚ ਉਚੇਰੀ ਪੜ੍ਹਾਈ ਲਈ ਸ਼ੱੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਵਿਦਿਆਥੀਆਂ ਵਲੋਂ ਪੂਰਾ ਸਾਲ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਵੱਲ ਧਿਆਨ ਦਿੱਤਾ ਗਿਆ ਹੈ, ਜਿਸ ਕਰਕੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਮਾਸਟਰ ਜਸਪਾਲ ਸਿੰਘ ਰੰਧਾਵਾ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦਾ ਸੁਨੇਹਾ ਲਾਇਆ | ਉਨ੍ਹਾਂ ਦੱਸਿਆ ਕੇ ਇਹ ਸੰਸਥਾ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸ਼ੁਰੂ ਤੋਂ ਹੀ ਯਤਨਸ਼ੀਲ ਹੈ ਅਤੇ ਭਵਿੱਖ ਵਿਚ ਏਦਾਂ ਹੀ ਰਹੇਗੀ |