ਝਬਾਲ, 20 ਮਈ( ਸੁਖਦੇਵ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਦੀਪ ਸਿੰਘ ਦੇ ਕਿਸਾਨਾਂ ਵਲੋਂ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਕੋਆਪਰੇਟਿਵ ਬੈਂਕ ਬਰਾਂਚ ਝਬਾਲ ਬੈਂਕ ਮੈਨੇਜਰ ਨੂੰ ਮੰਗ ਪੱਤਰ ਦਿੱਤਾ ਗਿਆ | ਬੈਂਕ ਮੈਨੇਜਰ ਨੂੰ ਮੰਗ ਪੱਤਰ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਬੈਂਕ ਵਿਚ ਕਿਸਾਨਾਂ ਦੇ ਲੋਨ ਚੱਲ ਰਹੇ ਹਨ | ਪਿਛਲੇ ਕੁਝ ਦਿਨਾਂ ਤੋਂ ਕੋਆਪਰੇਟਿਵ ਬੈਂਕ ਝਬਾਲ ਦੇ ਅਧਿਕਾਰੀਆਂ ਵੱਲੋਂ ਚੈੱਕ ਲੈ ਕੇ ਪੈਸਿਆਂ ਦਾ ਫੇਰ ਬਦਲ ਨਹੀਂ ਕੀਤਾ ਜਾ ਰਿਹਾ | ਜਿਸ ਕਰਕੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਕਿਸਾਨ ਆਗੂਆਂ ਨੇ ਬੈਂਕ ਅਧਿਕਾਰੀਆਂ ਨੂੰ ਚੈੱਕ ਲੈ ਕੇ ਪੈਸਿਆਂ ਦਾ ਫੇਰ ਬਦਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ 25 ਮਈ ਤੱਕ ਲੋਨ ਦੇ ਪੈਸਿਆਂ ਦੇ ਚੈਕ ਲੈ ਕੇ ਫੇਰ ਬਦਲ ਨਹੀਂ ਕੀਤਾ ਜਾਂਦਾ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋੋਂ ਬੈਂਕ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਜਾਵੇਗਾ | ਇਸ ਸਬੰਧੀ ਜਦੋਂ ਬ੍ਰਾਂਚ ਮੈਨੇਜਰ ਹਰਿੰਦਰ ਸਿੰਘ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਨੂੰ ਬੈਂਕ ਨਿਯਮਾਂ ਦੇ ਉਲਟ ਦੱਸਦਿਆਂ ਕਿਹਾ ਕਿ ਸਾਰਾ ਮਾਮਲਾ ਬੈਂਕ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ | ਇਸ ਮੌਕੇ ਜਗਤਾਰ ਸਿੰਘ, ਪ੍ਰਗਟ ਸਿੰਘ, ਬਲਵੰਤ ਸਿੰਘ, ਹਰਮਿੰਦਰ ਸਿੰਘ , ਲਖਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |