ਤਰਨ ਤਾਰਨ, 25 ਮਈ (ਪਰਮਜੀਤ ਜੋਸ਼ੀ)-ਤਰਨ ਤਾਰਨ ਵਿਖੇ ਰਾਸ਼ਟਰੀਯ ਸਵੈਮ ਸੇਵਕ ਸੰਘ ਵਲੋਂ ਜ਼ਿਲ੍ਹੇ ਦੇ ਪ੍ਰਮੁੱਖ ਵਿਅਕਤੀਆਂ ਦੀ ਪ੍ਰਮੁੱਖ ਜਨ ਗੋਸ਼ਠੀ ਕਰਵਾਈ ਗਈ | ਇਸ ਮੌਕੇ ਦਿੱਲੀ ਤੋਂ ਮੁੱਖ ਬੁਲਾਰੇ ਭਾਰਤ ਜੀ ਅਖਿਲ ਭਾਰਤੀ ਸਹਿ ਸੰਪਰਕ ਪ੍ਰਮੁੱਖ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਨ੍ਹਾਂ ਤੋਂ ਇਲਾਵਾ ਕਾਰਜਕਰਮ ਪ੍ਰਧਾਨ ਵਜੋਂ ਵਕੀਲ ਨਵਜੋਤ ਕੌਰ ਚੱਬਾ ਨੇ ਜਨਤਾ ਅੱਗੇ ਵਿਚਾਰ ਰੱਖੇ | ਨਵਜੋਤ ਕੌਰ ਚੱਬਾ ਵਲੋਂ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਬਹੁਤ ਹੇਠਾਂ ਡਿੱਗ ਪਿਆ ਹੈ ਅਤੇ ਇਸ ਨੂੰ ਉੱਚਾ ਚੁੱਕਣ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਬੱਚਿਆਂ 'ਚ ਸਮਰੱਥਾ ਹੈ, ਪਰ ਸਾਡੀ ਮਾੜੀ ਐਜੂਕੇਸ਼ਨ ਪਾਲਿਸੀ ਸਾਡੇ ਬੱਚਿਆਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ | ਰਾਜਨੀਤਿਕ ਪਾਰਟੀਆਂ 'ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਸਿਰਫ ਸੀਟਾਂ ਜਿੱਤਣ ਦੀ ਹੋੜ ਲੱਗੀ ਹੋਈ ਹੈ, ਪਰ ਜਨਤਾ ਦੇ ਹੱਕਾਂ ਅਤੇ ਸਹੂਲਤਾਂ ਦੀ ਕਿਸੇ ਨੂੰ ਵੀ ਕੋਈ ਪ੍ਰਵਾਹ ਨਹੀਂ ਹੈ | ਇਸ ਮੌਕੇ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਬੁਲਾਰੇ ਭਾਰਤ ਜੀ ਨੇ ਇਤਿਹਾਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਲੋਕ ਆਪਣਾ ਇਤਿਹਾਸ ਭੁੱਲ ਜਾਂਦੇ ਹਨ ਅਤੇ ਅੱਖਾਂ ਬੰਦ ਕਰ ਲੈਂਦੇ ਹਨ, ਇਤਿਹਾਸ ਦੁਬਾਰਾ ਉਨ੍ਹਾਂ ਨੂੰ ਦੁਹਰਾਉਂਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਇਕ ਅਮਿੱਟ ਦੇਸ਼ ਹੈ, ਜਿਥੋਂ ਦੇ ਮੰਦਰਾਂ ਦੇ ਖਜਾਨੇ ਅਜੇ ਤੱਕ ਨਹੀਂ ਮੁੱਕ ਰਹੇ ਅਤੇ ਨਾ ਹੀ ਗਿਣੇ ਜਾ ਰਹੇ ਹਨ, ਸਾਨੂੰ ਸਾਡੇ ਦੇਸ਼ ਨੂੰ ਮਾੜਾ ਕਹਿ ਕੇ ਭੰਡਣਾ ਨਹੀਂ ਚਾਹੀਦਾ | ਉਨ੍ਹਾਂ ਕਿਹਾ ਸਾਡਾ ਮਕਸਦ ਕਿਸੇ ਵੀ ਧਰਮ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ, ਸਾਡਾ ਮਕਸਦ ਸਿਰਫ ਆਪਣੀ ਸੁਰੱਖਿਆ ਲਈ ਤਿਆਰ ਰਹਿਣਾ ਹੈ | ਹਿੰਦੂ, ਸਿੱਖ, ਜੈਨ ਅਤੇ ਬੋਧ ਚਾਰੇ ਧਰਮਾਂ ਦਾ ਉਪਦੇਸ਼ ਇਕੋ ਹੀ ਹੈ ਕਿ ਈਸ਼ਵਰ ਇਕ ਹੀ ਹੈ ਅਤੇ ਉਹ ਸਾਡੇ ਅੰਦਰ ਵਸਦਾ ਹੈ | ਉਨ੍ਹਾਂ ਨੇ ਆਰ. ਐੱਸ. ਐੱਸ. ਵਲੋਂ ਚਲਾਏ ਜਾ ਰਹੇ ਪੰਜ ਪਰਿਵਰਤਨਾਂ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਚਾਹੀਦਾ ਹੈ, ਤਾਂ ਜੋ ਸਾਡੇ ਪਰਿਵਾਰਾਂ ਵਿਚ ਪਿਆਰ ਅਤੇ ਇਕਜੁੱਟਦਾ ਵੱਧ ਸਕੇ, ਸਾਨੂੰ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲਾ ਇਹ ਸਬ ਤੋਂ ਵੱਡਾ ਕਾਰਨ ਹੈ | ਇਸ ਦੇ ਨਾਲ ਹੀ ਸਾਨੂੰ ਸਵਦੇਸ਼ੀ ਚੀਜ਼ਾਂ ਨੂੰ ਅਪਨਾਉਣਾ ਚਾਹੀਦਾ ਹੈ, ਤਾਂ ਜੋ ਦੇਸ਼ ਦਾ ਪੈਸੇ ਦੇਸ਼ ਵਿਚ ਹੀ ਰੱਖਿਆ ਜਾ ਸਕੇ | ਇਸ ਦੇ ਨਾਲ ਹੀ ਹਰ ਨਾਗਰਿਕ ਨੂੰ ਆਪਣਾ ਕਰਤੱਵ ਸਮਝਣ ਦੀ ਲੋੜ ਹੈ ਅਤੇ ਇਸ ਦੀ ਪਾਲਣਾ ਵੀ ਕਰਨੀ ਚਾਹੀਦਾ ਹੈ ਅਤੇ ਨਾਲ ਹੈ ਸਾਨੂੰ ਸਮਾਜ ਦੇ ਹਰ ਵਰਗ ਦੇ ਲੋਕਾਂ ਨਾਲ ਮੇਲ ਮਿਲਾਪ ਰੱਖਣਾ ਚਾਹੀਦਾ ਹੈ | ਇਸ ਮੌਕੇ ਡਾ. ਪਸਰੀਚਾ ਵਲੋਂ ਆਪਣੇ ਵਿਚਾਰ ਰੱਖਦਿਆਂ ਇਹ ਕਿਹਾ ਗਿਆ ਕਿ ਸਾਨੂੰ ਸਭ ਨੂੰ ਦੇਸ਼ ਦੀ ਤਰੱਕੀ ਅਤੇ ਅਖੰਡਤਾ ਵਾਸਤੇ ਕੰਮ ਕਰਨਾ ਚਾਹੀਦਾ ਹੈ | ਸਾਨੂੰ ਸਭ ਕੰਮ ਸਰਕਾਰ 'ਤੇ ਨਹੀਂ ਛੱਡਣੇ ਚਾਹੀਦੇ, ਸਗੋਂ ਖੁਦ ਦੀ ਜਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ | ਇਸ ਦੌਰਾਨ ਵੱਖ-ਵੱਖ ਵਿਸ਼ਿਆਂ ਤੇ ਮਹਾਂ ਪੁਰਸ਼ਾਂ ਨਾਲ ਸੰਬੰਧਿਤ ਪੁਸਤਕਾਂ ਦਾ ਸਟਾਲ ਲਗਾਇਆ ਗਿਆ, ਜਿਸ ਉੱਪਰ ਜਨਤਾ ਦਾ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਨਾਲ ਹੀ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਆਯੂਰਵੇਦ ਨਾਲ ਸੰਬੰਧਿਤ ਚੀਜ਼ਾਂ ਦਾ ਸਟਾਲ ਵੀ ਲਗਾਇਆ ਗਿਆ | ਇਸ ਮੌਕੇ ਜ਼ਿਲ੍ਹਾ ਸੰਘ ਚਾਲਕ ਹੰਸ ਰਾਜ ਚੌਧਰੀ ਵਲੋਂ ਆਏ ਹੋਏ ਮਹਿਮਾਨਾਂ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਦਾ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ ਅਤੇ ਅਗਿਓਾ ਵੀ ਸਹਿਯੋਗ ਦੇ ਆਸ ਕੀਤੀ | ਇਸ ਮੌਕੇ ਕਾਂਗਰਸੀ ਆਗੂ ਮਨਿੰਦਰਪਾਲ ਸਿੰਘ ਪਲਾਸੌਰ, ਅਕਾਲੀ ਆਗੂ ਕੰਚਨਪ੍ਰੀਤ ਕੌਰ, ਅਨੂਪ ਸਿੰਘ ਭੁੱਲਰ ਭਾਜਪਾ ਆਗੂ ਖੇਮਕਰਨ, ਹਰਜੀਤ ਸਿੰਘ ਸੰਧੂ ਪ੍ਰਧਾਨ, ਅਮਨਦੀਪ ਸਿੰਘ ਰੌਕੀ ਬੁਰਜ, ਹਰਿੰਦਰ ਕੁਮਾਰ ਅਗਰਵਾਲ, ਚੰਦਰ ਕੁਮਾਰ ਅਗਰਵਾਲ, ਵਿਜੈ ਕੁਮਾਰ ਮੁੰਡਾਪਿੰਡ, ਆਤਮਬੀਰ ਸ਼ਰਮਾ, ਫਤਹਿ ਸਿੰਘ, ਵਿਨੈ ਕੁਮਾਰ ਸੂਬਾ ਸੈਕਟਰੀ, ਵਿਭਾਗ ਸੈਕਟਰੀ ਕੰਵਰਦੀਪ, ਸਹਿ ਵਿਭਾਗ ਮਨੀਸ਼ ਕੁਮਾਰ ਬਟਾਲਾ, ਰਾਮ ਲਾਲ ਸਾਬਕਾ ਕੌਂਸਲਰ ਤੋਂ ਇਲਾਵਾ ਹਰੀਕੇ, ਖੇਮਕਰਨ, ਭਿੱਖੀਵਿੰਡ, ਜੰਡਿਆਲਾ, ਰਈਆ ਤੇ ਪੂਰੇ ਜ਼ਿਲ੍ਹੇ ਤੋਂ ਆਰ. ਐੱਸ. ਐੱਸ. ਦੇ ਵਰਕਰ ਹਾਜ਼ਰ ਸਨ |