ਤਰਨ ਤਾਰਨ, 25 ਮਈ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਦੁਕਾਨ ਅੰਦਰ ਦਾਖਲ ਹੋ ਕੇ ਪਿਓ-ਪੁੱਤ ਦੀ ਕੁੱਟਮਾਰ ਕਰਕੇ ਗੰਭੀਰ ਸੱਟਾਂ ਮਾਰਨ, ਦੁਕਾਨ ਦੀ ਭੰਨਤੋੜ ਕਰਨ ਅਤੇ ਹਵਾਈ ਫਾਇਰ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਤੋਂ ਇਲਾਵਾ 12 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਤਜਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਗਲੀ ਸੁਪਰ ਬਾਜ਼ਾਰ ਵਾਲੀ ਅੱਡਾ ਬਾਜ਼ਾਰ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੈਂ ਅਤੇ ਮੇਰਾ ਲੜਕਾ ਹਰਪ੍ਰੀਤ ਸਿੰਘ ਤਰਨ ਤਾਰਨ ਬਾਜ਼ਾਰ ਤੋੋਂ ਘਰ ਨੂੰ ਜਾ ਰਹੇ ਸੀ ਕਿ ਹਰਸ਼ ਪਵਾਸੀ ਮੁਰਾਦਪੁਰ ਨੇ ਆਪਣਾ ਮੋਟਰਸਾਈਕਲ ਲਿਆ ਕੇ ਮੇਰੇ ਵਿਚ ਮਾਰਿਆ ਤੇ ਮੈੈਂ ਡਿੱਗ ਗਿਆ ਤੇ ਫਿਰ ਮੇਰੇ ਨਾਲ ਝਗੜਾ ਕਰਨ ਲੱਗ ਪਿਆ ਤੇ ਰਾਹਗੀਰਾ ਨੇ ਸਾਨੂੰ ਛੁਡਵਾਇਆ | ਅਸੀਂ ਘਰ ਨੂੰ ਚਲੇ ਗਏ ਤੇ ਸਮਾਂ ਕਰੀਬ ਸਾਢੇ 3 ਵਜੇ ਦੁਪਹਿਰ ਦਾ ਹੋਵੇਗਾ ਕਿ ਹਰਸ ਉਕਤ ਆਪਣੇ ਨਾਲ 10-12 ਅਣਪਛਾਤੇ ਵਿਅਕਤੀ ਲੈ ਕੇ ਸਾਡੀ ਦੁਕਾਨ ਤੇ ਅੰਦਰ ਦਾਖਲ ਹੋ ਕੇ ਮੇਰੇ ਪਿਤਾ ਮੋਹਨ ਸਿੰਘ ਨਾਲ ਗਾਲੀ ਗਲੋਚ ਕਰਨ ਲੱਗੇ ਅਤੇ ਕੁੱਟਮਾਰ ਕੀਤੀ ਅਤੇ ਗੁੱਝੀਆਂ ਸੱਟਾਂ ਮਾਰੀਆਂ ਅਤੇ ਦੁਕਾਨ ਦੀ ਭੰਨਤੋੜ ਕੀਤੀ ਤੇ ਲਾਗੇ ਦੇ ਦੁਕਾਨਦਾਰਾ ਨੇ ਸਾਨੂੰ ਛੁਡਵਾਇਆ ਤੇ ਹਰਸ਼ ਅਤੇ ਅਣਪਛਾਤੇ ਵਿਅਕਤੀ ਜਾਣ ਲੱਗਿਆ ਸਾਨੂੰ ਧਮਕੀਆਂ ਦਿੰਦੇ ਰਹੇ ਤੇ ਹਵਾਈ ਫਾਇਰ ਵੀ ਕੀਤਾ | ਜਾਂਚ ਅਧਿਕਾਰੀ ਏ.ਐੱਸ.ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |