ਨੌਸ਼ਹਿਰਾ ਪਨੂੰਆਂ, 25 ਮਈ (ਦੀਪਕ ਮੈਣੀ)-ਆਲ ਪੰਜਾਬ ਡੀ. ਐੱਸ. ਟੀ. ਸੀ. ਟੀ. ਐਸ ਕੰਟਰੈਕਟ ਇੰਸਟਰਕਟਰ ਯੂਨੀਅਨ ਦੇ ਮੈਂਬਰਾਂ ਦੀ ਮੀਟਿੰਗ ਹੋਈ | ਯਨੀਅਨ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਬਤੌਰ ਕੰਟਰੈਕਟ/ ਗੈਸਟ ਫੈਕਲਟੀ 700 ਦੇ ਕਰੀਬ ਇੰਸਟਰਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ | ਅਸੀ ਆਪਣੀਆਂ ਮੰਗਾਂ ਸਬੰਧੀ ਬਹੁਤ ਵਾਰ ਮੁੱਖ ਮੰਤਰੀ ਨਾਲ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਅਤੇ ਹੋਰ ਮੰਤਰੀ ਸਹਿਬਾਨ ਨੂੰ ਆਪਣੀਆਂ ਮੰਗਾਂ ਸਬੰਧੀ ਬਹੁਤ ਵਾਰ ਮੀਟਿੰਗ ਕਰ ਚੁੱਕੇ ਹਾਂ | ਪਰ ਸਾਡੀਆਂ ਮੰਗਾ ਸਬੰਧੀ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ | ਅਸੀਂ ਦੁਬਾਰਾ ਸਰਕਾਰ ਪਾਸੋੋਂ ਮੀਟਿੰਗ ਦੇ ਲਈ ਸਮੇਂ ਦੀ ਮੰਗ ਕੀਤੀ ਸੀ, ਜਿਸ 'ਤੇ ਡਿਪਟੀ ਕਮਿਸ਼ਨਰ ਸੰਗਰੂਰ ਵਲੋੋਂ ਸਾਨੂੰ ਮਿਤੀ 29 ਜਨਵਰੀ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ, ਪਰ ਇਹ ਮੀਟਿੰਗ ਮੰਤਰੀ ਵਲੋਂ ਨਹੀਂ ਕੀਤੀ ਗਈ ਅਤੇ ਇਸ ਤਰੀਕ ਨੂੰ ਬਦਲਦੇ ਹੋਏ ਮਿਤੀ 17 ਫਰਵਰੀ ਨੂੰ ਫਿਰ ਤੋਂ ਬੁਲਾਇਆ ਗਿਆ ਸੀ | ਪਰ ਫਿਰ ਮੀਟਿੰਗ ਨੂੰ ਮੁਲਤਵੀਂ ਕਰਦੇ ਹੋਏ ਮੀਟਿੰਗ ਦਾ ਸਮਾਂ 17 ਅਪ੍ਰੈਲ ਦਾ ਦਿੱਤਾ ਗਿਆ | ਇਸ ਨੂੰ ਵੀ ਮੁਲਤਵੀ ਕਰਕੇ ਮੀਟਿੰਗ ਦਾ ਸਮਾਂ ਦੁਬਾਰਾ 28 ਅਪ੍ਰੈਲ ਦਾ ਦਿੱਤਾ | ਇਸ ਨੂੰ ਵੀ ਮੁਲਤਵੀਂ ਕਰਨ ਉਪਰੰਤ ਮੀਟਿੰਗ ਦਾ ਸਮਾਂ 14 ਮਈ ਨੂੰ ਦਿੱਤਾ ਗਿਆ | ਇਸ ਮੀਟਿੰਗ ਤੋਂ ਵੀ ਸਰਕਾਰ ਭੱਜ ਗਈ ਅਤੇ ਅਗਲੀ ਮੀਟਿੰਗ ਦੇ ਸਮੇਂ ਲਈ ਅਗਲੇ ਹੁਕਮਾਂ ਦਾ ਪੱਤਰ ਜਾਰੀ ਕੀਤਾ ਗਿਆ, ਜਿਸ ਤੋਂ ਇਹ ਗੱਲ ਬਿਲਕੁਲ ਸਾਫ਼ ਝਲਕਦੀ ਹੈ ਕਿ ਪੰਜਾਬ ਦੀਆਂ ਆਈ. ਟੀ. ਆਈਜ. ਵਿਚ ਕੰਮ ਕਰਦੇ ਗੈਸਟ ਫੈਕਲਟੀ ਕੱਚੇ ਇੰਸਟਰਕਟਰਾ ਦੇ ਭਵਿੱਖ ਨੂੰ ਲੈ ਕੇ ਸਰਕਾਰ ਗੰਭੀਰ ਨਹੀਂ ਹੈ | ਵਾਰ ਵਾਰ ਮੀਟਿੰਗ ਵਿਚ ਸਾਡੀਆਂ ਮੰਗਾਂ ਸਬੰਧੀ ਜਿਵੇਂ ਕਿ ਬੇਸਿਕ ਤਨਖਾਹ ਤੋੋਂ ਲੈ ਕੇ ਵਿਭਾਗ ਅਧੀਨ ਕਰਨਾ ਅਤੇ ਸੇਵਾ ਸੁਰੱਖਿਆ ਸਬੰਧੀ ਸਾਨੂੰ ਬਹੁਤ ਲੰਮੇ ਸਮੇਂ ਤੋਂ ਸਰਕਾਰ ਵਲੋਂ ਵਾਅਦਾ ਕਰਨ ਦੇ ਬਾਵਜੂਦ ਲਾਰਾ ਲਗਾਇਆ ਜਾ ਰਿਹਾ ਹੈ, ਜਿਸ ਕਰਕੇ ਯੂਨੀਅਨ ਵਲੋਂ ਇਹ ਫੈਸਲਾ ਕੀਤਾ ਗਿਆ ਹੈ | ਕਿ ਜੇਕਰ ਸਾਨੂੰ ਸਰਕਾਰ ਵਲੋਂ ਆਉਣ ਵਾਲੀ 6 ਜੂਨ ਤੱਕ ਸਾਡੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਕੋਈ ਪੱਤਰ ਜਾਰੀ ਨਹੀਂ ਕੀਤਾ ਜਾਂਦਾ ਤਾਂ ਪੂਰੀ ਯੂਨੀਅਨ ਵਲੋਂ ਮਿਤੀ 6 ਜੂਨ ਨੂੰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇਕਰ ਜਰੂਰਤ ਪੈਂਦੀ ਹੈ ਤਾਂ ਇਸ ਰੋਸ ਪ੍ਰਦਰਸ਼ਨ ਨੂੰ ਪੱਕੇ ਧਰਨੇ ਵਿਚ ਤਬਦੀਲ ਕੀਤਾ ਜਾਵੇਗਾ | ਇਸ ਰੋਸ ਪ੍ਰਦਰਸ਼ਨ ਵਿਚ ਜੇਕਰ ਕੋਈ ਨੁਕਸਾਨ ਹੁੰਦਾ ਹੈ, ਤਾਂ ਉਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਸਮੇਂ ਯੂਨੀਅਨ ਦੇ ਪ੍ਰਧਾਨ ਕਿਰਨਦੀਪ ਸਿੰਘ ਰੁਪਾਣਾ, ਸਿਮਰਨਜੀਤ ਸਿੰਘ, ਪ੍ਰਦੀਪ ਸਿੰਘ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ, ਸਵਰਨ ਸਿੰਘ, ਮਨਜਿੰਦਰ ਸਿੰਘ, ਅਮਨਦੀਪ ਸਿੰਘ ਤੇ ਗੁਰਜੀਤ ਸਿੰਘ ਆਦਿ ਹਾਜ਼ਰ ਸਨ |