ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਸੇਵਾ ਕੇਂਦਰ ਤਰਨ ਤਾਰਨ ਇਕਾਈ ਦੇ ਸੇਵਾ ਕੇਂਦਰ ਮੁਲਾਜਮਾਂ ਵਲੋਂ ਆਪਣੀਆਂ ਜਾਇਜ਼ ਮੰਗਾਂ ਸੰਬੰਧੀ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੂੰ ਸੌਂਪਿਆ ਗਿਆ | ਸੇਵਾ ਕੇਂਦਰ ਦੇ ਪ੍ਰਧਾਨ ਗੁਰਸੇਵਕ ਸਿੰਘ ਲਾਲੂ ਘੁੰਮਣ ਨੇ ਦੱਸਿਆ ਕੇ ਸਾਨੂੰ ਸੂਬਾ ਕਮੇਟੀ ਵਲੋਂ 26 ਮਈ ਤੋਂ ਸੇਵਾ ਕੇਂਦਰ ਵਿਚ ਪੂਰਨ ਤੌਰ 'ਤੇ ਕੰਮ ਬੰਦ ਕਰਨ ਲਈ ਕਿਹਾ ਗਿਆ | ਸੂਬਾ ਕਮੇਟੀ ਦੇ ਸੱਦ 'ਤੇ ਤਰਨ ਤਾਰਨ ਦੇ ਸਾਰੇ ਸੇਵਾ ਕੇਂਦਰ ਵਿਚ ਅਣਮਿਥੇ ਸਮੇਂ ਲਈ ਹੜਤਾਲ ਕਰਨ ਲਈ ਐਲਾਨ ਕੀਤਾ ਗਿਆ | ਉਨ੍ਹਾਂ ਦੱਸਿਆ ਕੇ ਅਸੀਂ ਪਿਛਲੇ 10 ਸਾਲ ਤੋਂ ਸਿਰਫ਼ 1 ਹਜ਼ਾਰ ਰੁਪਏ 'ਤੇ ਕੰਮ ਕਰ ਰਹੇ ਹਾਂ ਤੇ ਤਨਖਾਹ ਵੀ ਹਰ ਮਹੀਨੇ ਲੇਟ ਅਤੇ ਜਦੋਂ ਜ਼ਾਹਿਦ ਨਾਲ ਲੈਣੀ ਪੈਂਦੀ ਹੈ | ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੰਪਨੀ ਨੇ ਕਦੇ ਵੀ ਸਮੇਂ ਸਿਰ ਤਨਖਾਹ ਜਾਰੀ ਨਹੀਂ ਕੀਤੀ | ਅੱਜ ਕੱਲ੍ਹ ਦੇ ਸਮੇਂ ਇੰਨੀ ਘੱਟ ਤਨਖਾਹ 'ਤੇ ਗੁਜਾਰਾ ਕਰਨਾ ਬਹੁਤ ਔਖਾ ਹੈ | ਇਸ ਮੌਕੇ ਮੀਤ ਪ੍ਰਧਾਨ ਜਗਦੀਸ਼ ਸਿੰਘ ਨੇ ਦੱਸਿਆ ਕੇ ਆਏ ਦਿਨ ਸੇਵਾਵਾਂ ਵਿਚ ਵਾਧਾ ਕੀਤਾ ਜਾਂਦਾ ਹੈ ਤੇ ਹੋਰ ਵੀ ਵਾਧੂ ਕੰਮ ਸੇਵਾ ਕੇਂਦਰਾ ਵਿਚ ਥੋਪੇ ਜਾਂਦੇ ਹਨ | ਜਿਨ੍ਹਾਂ ਦਾ ਸੇਵਾ ਕੇਂਦਰ ਨਾਲ ਕੋਈ ਮਤਲਬ ਨਹੀਂ | ਆਮ ਆਦਮੀ ਦੀ ਸਰਕਾਰ ਨੇ ਸਤਾ ਵਿਚ ਆਉਣ ਤੋਂ ਪਹਿਲਾ ਪੰਜਾਬ ਭਰ ਵਿਚ ਠੇਕਾ ਪ੍ਰਣਾਲੀ ਨੂੰ ਖ਼ਤਮ ਕਰਨ ਲਈ ਕਿਹਾ ਗਿਆ ਸੀ, ਪਰ ਆਮ ਆਦਮੀ ਸਰਕਾਰ ਦੇ ਲੱਗਪਗ 4 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਸੇਵਾ ਕੇਂਦਰ ਮੁਲਾਜ਼ਮਾਂ ਦੀ ਕਦੀ ਵੀ ਸਾਰ ਨਹੀਂ ਲਈ ਗਈ | ਸੇਵਾ ਕੇਂਦਰ ਵਿਚ ਕੰਮ ਕਰ ਰਹੇ ਡੀ. ਐੱਸ. ਡੀ. ਓਪਰੇਟਰ ਜੋ ਘਰ-ਘਰ ਜਾ ਕੇ ਸੇਵਾਵਾਂ ਦੇ ਰਹੇ ਹਨ, ਉਨ੍ਹਾਂ ਨੂੰ ਕਦੇ ਵੀ ਟੀ. ਏ. ਸਮੇਂ ਸਿਰ ਨਹੀਂ ਆਇਆ ਅਤੇ ਜੋ ਬੀ. ਟੂ. ਸੀ. ਓਪਰੇਟਰ ਰੱਖੇ ਹਨ, ਉਨ੍ਹਾਂ ਦੀਆਂ ਪਿਛਲੇ 11 ਮਹੀਨਿਆਂ ਤੋਂ ਤਨਖਾਹ ਨਹੀਂ ਆਈ | ਇਸ ਕਰਕੇ ਸੇਵਾ ਕੇਂਦਰ ਮੁਲਾਜ਼ਮਾਂ ਨੇ ਦੁੱਖੀ ਹੋ ਕੇ ਇਹ ਕਦਮ ਚੁਕਿਆ ਹੈ | ਉਨ੍ਹਾਂ ਕਿਹਾ ਕੇ ਜੇਕਰ ਸਾਡੀਆਂ ਜਾਇਜ ਮੰਗਾ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰ ਦੇ ਵਿਰੁੱਧ ਵਿਚ ਤਿੱਖਾ ਐਕਸ਼ਨ ਕੀਤਾ ਜਾਵੇਗਾ |