ਤਰਨ ਤਾਰਨ, 30 ਮਈ (ਪਰਮਜੀਤ ਜੋਸ਼ੀ )-ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 01.10.2026 ਦੇ ਅਧਾਰ ‘ਤੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ. ਆਈ. ਆਰ.) ਦਾ ਸੋਧਿਆ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਹੁਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਨਵੇਂ ਸੋਧੇ ਗਏ ਸ਼ਡਿਊਲ ਅਨੁਸਾਰ ਹੁਣ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਪਹਿਲਾਂ ਨਿਰਧਾਰਿਤ ਮਿਤੀ 31.07.2026 ਦੀ ਬਜਾਏ ਹੁਣ 03.08.2026 ਨੂੰ ਕੀਤੀ ਜਾਵੇਗੀ। ਇਸੇ ਤਰ੍ਹਾਂ ਵੋਟਰ ਸੂਚੀ ਸੰਬੰਧੀ ਦਾਅਵੇ ਤੇ ਇਤਰਾਜ਼ ਦਰਜ਼ ਕਰਵਾਉਣ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ, ਜਿਸ ਤਹਿਤ ਹੁਣ ਨਾਗਰਿਕ 03.08.2026 ਤੋਂ 02.09.2026 ਤੱਕ ਆਪਣੇ ਦਾਅਵੇ ਤੇ ਇਤਰਾਜ਼ ਪੇਸ਼ ਕਰ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਪਤ ਹੋਏ ਦਾਅਵਿਆਂ ਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ ‘ਨੋਟਿਸ ਫੇਜ਼’ ਦੀ ਪ੍ਰਕਿਰਿਆ ਹੁਣ 03.08.2026 ਤੋਂ 28.09.2026 ਤੱਕ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸੁਧਾਈ ਮੁਹਿੰਮ ਦੀਆਂ ਬਾਕੀ ਰਹਿੰਦੀਆਂ ਸਾਰੀਆਂ ਗਤੀਵਿਧੀਆਂ ਦਾ ਸ਼ਡਿਊਲ ਪਹਿਲਾਂ ਵਾਲਾ ਹੀ ਰਹੇਗਾ, ਉਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਵੀਜ਼ਨ ਨੂੰ ਮੁੱਖ ਰੱਖਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਤਰਨ ਤਾਰਨ ਦੇ ਕਮਰਾ ਨੰਬਰ 217 ਵਿਚ ਇਕ ਵਿਸ਼ੇਸ਼ ‘ਹੈਲਪ ਡੈਸਕ’ ਵੀ ਸਥਾਪਿਤ ਕੀਤਾ ਗਿਆ ਹੈ। ਇਸ ਦਾ ਮੁੱਖ ਮਕਸਦ ਸਾਰੇ ਨਾਗਰਿਕਾਂ, ਖ਼ਾਸ ਕਰਕੇ ਦਿਵਿਆਂਗ ,ਐਨ.ਆਰ.ਆਈ ਅਤੇ ਬਜ਼ੁਰਗ ਵੋਟਰਾਂ ਦੀ ਚੋਣ ਪ੍ਰਕਿਰਿਆ ਵਿਚ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੋਧੇ ਹੋਏ ਸ਼ਡਿਊਲ ਅਨੁਸਾਰ ਮਿੱਥੇ ਸਮੇਂ ਦੇ ਅੰਦਰ-ਅੰਦਰ ਆਪਣੇ ਫਾਰਮ ਜਮ੍ਹਾ ਕਰਵਾਉਣਾ ਯਕੀਨੀ ਬਣਾਉਣ।