ਤਰਨ ਤਾਰਨ, 31 ਮਈ (ਹਰਿੰਦਰ ਸਿੰਘ)ਪੂਰੀ ਦੁਨੀਆਂ ਵਿਚ ਹਰੇਕ ਸਾਲ 1 ਜੂਨ ਨੂੰ ਵਿਸ਼ਵ ਦੁੱਧ ਦਿਵਸ ਮਨਾਇਆ ਜਾਂਦਾ ਹੈ | ਇਸ ਦਿਨ ਪੂਰੀ ਦੁਨੀਆਂ ਵਿਚ ਹਰੇਕ ਦੇਸ਼ ਵਿਚ ਆਪੋ ਆਪਣੇ ਹਿਸਾਬ ਨਾਲ ਦੁੱਧ ਦੀ ਮਹੱਤਤਾ ਸੰਬੰਧੀ ਪ੍ਰੋਗਰਾਮ ਕਰਵਾਏ ਜਾਂਦੇ ਹਨ, ਪਰ ਸਾਡੇ ਭਾਰਤ ਦੇਸ਼ ਵਿਚ ਖ਼ਾਸ ਕਰਕੇ ਸਾਡੇ ਪੰਜਾਬ ਸੂਬੇ ਵਿਚ ਪੇਂਡੂ ਸੱਭਿਆਚਾਰ ਵਿਚ ਦੁੱਧ ਇਕ ਅਹਿਮ ਸਥਾਨ ਰੱਖਦਾ ਹੈ | ਦੁੱਧ ਤੋਂ ਬਣੇ ਪਦਾਰਥ ਦਹੀਂ, ਲੱਸੀ, ਮੱਖਣ, ਘਿਓ, ਪਨੀਰ ਇਹ ਪੰਜਾਬੀਆਂ ਦੀ ਖੁਰਾਕ ਦਾ ਇਕ ਅਹਿਮ ਹਿੱਸਾ ਰਹੇ ਹਨ | ਮੁੱਢ ਕਦੀਮ ਤੋਂ ਹੀ ਖ਼ਾਸ ਕਰਕੇ ਪੰਜਾਬੀ ਖਿਡਾਰੀ ਹੋਰ ਖੁਰਾਕ ਤੋਂ ਬਿਨਾਂ ਦੁੱਧ ਦੇ ਖ਼ਾਸ ਸ਼ੌਕੀਨ ਰਹੇ ਹਨ, ਕਿਉਂਕਿ ਦੁੱਧ ਵਿਚ ਉਹ ਸਾਰੇ ਖਣਿਜ ਮੌਜੂਦ ਸਨ, ਜੋ ਖਿਡਾਰੀਆਂ ਨੂੰ ਇਕ ਸਡੋਲ ਸਰੀਰ ਬਣਾਉਣ ਵਿਚ ਸਹਾਈ ਹੁੰਦੇ ਹਨ | ਦੁੱਧ ਵਿਚ ਮੌਜੂਦ ਕੈਲਸ਼ੀਅਮ, ਆਇਰਨ, ਪ੍ਰੋਟੀਨ, ਫਾਈਬਰ ਵਰਗੇ ਵਿਟਾਮਿਨ ਹੀ ਦੁੱਧ ਨੂੰ ਇਕ ਸੰਪੂਰਨ ਖੁਰਾਕ ਬਣਾਉਂਦੇ ਹਨ ਅਤੇ ਖਿਡਾਰੀ ਇਸ ਦਾ ਸੇਵਨ ਕਰਕੇ ਆਪਣੀ ਸਰੀਰਕ ਸ਼ਕਤੀ ਵਿਚ ਵਾਧਾ ਕਰਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਹੈਾਡਬਾਲ ਕੋਚ ਪ੍ਰਧਾਨ ਜ਼ਿਲ੍ਹਾ ਸਪੋਰਟਸ ਕਮੇਟੀ, ਪ੍ਰਧਾਨ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਤਰਨ ਤਾਰਨ ਸਰੂਪ ਸਿੰਘ ਢੋਟੀਆਂ ਨੇ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਜੋ ਡੱਬਾ ਬੰਦ ਵਿਟਾਮਿਨਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੀ ਹੈ | ਡੱਬਾ ਬੰਦ ਵਸਤਾਂ ਸਿਹਤ ਨਾਲ ਵੱਡਾ ਖਿਲਵਾੜ ਹੈ | ਇਸ ਲਈ ਅੱਜ ਦੀ ਨੌਜਵਾਨੀ ਅਤੇ ਖ਼ਾਸਕਰ ਖਿਡਾਰੀਆਂ ਨੂੰ ਸਿਰਫ ਤੇ ਸਿਰਫ਼ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ |