ਤਰਨ ਤਾਰਨ, 1 ਜੂਨ (ਹਰਿੰਦਰ ਸਿੰਘ)-6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰੇ ਦੇ ਮੱਦੇਨਜ਼ਰ ਤਰਨਤਾਰਨ ਪੁਲਿਸ ਵਲੋਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਦੀ ਅਗਵਾਈ ਵਿਚ ਫਲੈਗ ਮਾਰਚ ਕੱਢਿਆ ਗਿਆ | ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਵੱਡੀ ਗਿਣਤੀ ਵਿਚ ਜਵਾਨਾਂ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ ਗਿਆ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਘੁੱਲੂਘਾਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਤਰਨ ਤਾਰਨ ਪੁਲਿਸ ਵਲੋਂ ਸਾਰੀਆਂ ਸਬ ਡਵੀਜਨਾਂ ਵਿਚ ਫਲੈਗ ਮਾਰਚ ਕੱਢੇ ਜਾ ਰਹੇ ਹਨ, ਉਥੇ ਤਰਨ ਤਾਰਨ ਸ਼ਹਿਰ ਵਿਚ ਵੀ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ ਗਿਆ | ਉਨ੍ਹਾਂ ਕਿਹਾ ਕਿ ਘੱਲੂਘਾਰੇ ਨੂੰ ਦੇਖਦੇ ਹੋਏ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸੁਖਵੀਂ ਘਟਨਾ ਹੋਣ 'ਤੇ ਤੁਰੰਤ ਮੌਕੇ 'ਤੇ ਪਹੁੰਚ ਕੇ ਕਾਬੂ ਪਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਸੰਬੰਧੀ ਸੂਚਿਤ ਕਰਨ ਤਾਂ ਜੋ ਸਮਾਂ ਰਹਿੰਦਿਆਂ ਕਾਰਵਾਈ ਕੀਤੀ ਜਾ ਸਕੇ | ਇਸ ਮੌਕੇ ਐਸ.ਪੀ ਮਨਿੰਦਰ ਸਿੰਘ, ਡੀ.ਐੱਸ.ਪੀ. ਸੁਖਬੀਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਮੌਜੂਦ ਸਨ |