ਖਾਲੜਾ, 1 ਜੂਨ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਅਧੀਨ ਆਉਂਦੇ ਸਰਹੱਦੀ ਪਿੰਡ ਨੂੰ ਨਾਰਲੀ ਤੋਂ ਇਕ ਨਾਬਾਲਿਗ ਬੱਚੇ ਦੇ ਭੇਦਭਰੀ ਹਾਲਤ ਵਿਚ ਗੁੰਮ ਹੋਣ ਦੀ ਖ਼ਬਰ ਹੈ | ਲੜਕੇ ਦੇ ਪਿਤਾ ਵਿਨੋਦ ਸਿੰਘ ਵਾਸੀ ਨਾਰਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਅਤੇ ਉਸਦੇ ਤਿੰਨ ਬੱਚੇ ਹਨ, ਜਿੰਨਾਂ ਵਿਚੋਂ ਵੱਡਾ ਲੜਕਾ 18 ਸਾਲ ਦਾ ਹੈ, ਉਸ ਤੋਂ ਛੋਟੀ ਲੜਕੀ ਜੋ ਅੱਠਵੀਂ ਕਲਾਸ ਵਿਚ ਪੜ੍ਹਦੀ ਹੈ ਤੇ ਹਰਮਨ ਸਿੰਘ ਜੋ ਗੁੰਮ ਹੋਇਆ ਹੈ ਉਹ ਸੱਤਵੀਂ ਕਲਾਸ ਦਾ ਵਿਦਿਆਰਥੀ ਹੈ | ਉਨ੍ਹਾਂ ਦੱਸਿਆ ਕਿ ਹਰਮਨ ਸਿੰਘ ਨੇ ਅੰਮਿ੍ਤ ਛਕਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ 30 ਮਈ ਦੀ ਸ਼ਾਮ ਨੂੰ ਕਰੀਬ 6:30 ਵਜੇ ਹਰਮਨ ਸਿੰਘ ਘਰੋਂ ਪਿੰਡ ਨਾਰਲੀ ਦੇ ਬੱਸ ਅੱਡੇ ਤੋਂ ਦੁੱਧ ਲੈਣ ਗਿਆ ਸੀ, ਪ੍ਰੰਤੂ ਵਾਪਸ ਨਹੀਂ ਆਇਆ ਅਤੇ ਉਸੇ ਦਿਨ ਹੀ ਕਾਪੀਆਂ ਲਿਆਉਣ ਨੂੰ ਲੈ ਕੇ ਹਰਮਨ ਸਿੰਘ ਦੀ ਆਪਣੀ ਮਾਂ ਨਾਲ ਮਮੂਲੀ ਤਕਰਾਰ ਹੋਈ ਸੀ | ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਆਪਣੇ ਰਿਸ਼ਤੇਦਾਰੀ ਵਿਚ ਵੀ ਪਤਾ ਕੀਤਾ ਹੈ ਕਿ ਕਿਤੇ ਹਰਮਨ ਸਿੰਘ ਆਪਣੀ ਮਾਂ ਨਾਲ ਨਾਰਾਜ਼ ਹੋ ਕੇ ਕਿਸੇ ਰਿਸ਼ਤੇਦਾਰ ਕੋਲ ਨਾ ਚਲਾ ਗਿਆ ਹੋਵੇ, ਪ੍ਰੰਤੂ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗਾ ਅਤੇ ਇਸ ਸੰਬੰਧੀ ਉਨ੍ਹਾਂ ਥਾਣਾ ਖਾਲੜਾ ਵਿਖੇ ਦਰਖਾਸਤ ਦੇ ਦਿੱਤੀ ਹੈ | ਇਸ ਸੰਬੰਧੀ ਥਾਣਾ ਖਾਲੜਾ ਦੇ ਐਸ.ਐਚ.ਓ. ਬਲਜਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਲੜਕੇ ਦੇ ਗੁੰਮ ਹੋਣ ਸੰਬੰਧੀ ਗੁੰਮਸ਼ੁਦਗੀ ਦੀ ਰਿਪੋਰਟ ਪਾ ਦਿੱਤੀ ਹੈ |