ਤਰਨ ਤਾਰਨ, 2 ਜੂਨ (ਇਕਬਾਲ ਸਿੰਘ ਸੋਢੀ)- ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਨਟੈਸਿਵ ਰਵੀਜ਼ਨ-2026 ਜੋ ਮਿਤੀ 25 ਜੂਨ ਤੋਂ 24 ਜੁਲਾਈ ਤੱਕ ਚੱਲੇਗੀ, ਜਿਸ ਵਿਚ ਬੀ.ਐੱਲ.ਓਜ਼ ਘਰੋ-ਘਰੀ ਜਾ ਕੇ ਵੋਟਰ ਦੇ ਫਾਰਮ ਭਰਵਾਉਣਗੇ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਹੁਲ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਪੈਂਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਵੋਟਿੰਗ ਮੈਪਿੰਗ ਦਾ ਕੰਮ ਪ੍ਰੀ-ਐੱਸ.ਆਈ.ਆਰ. ਦੌਰਾਨ 93 ਫੀਸਦੀ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਮੈਪਿੰਗ ਦਾ ਕੰਮ ਮੁਕੰਮਲ ਕਰਨ ਲਈ ਮੁੱਖ ਚੋਣ ਅਫਸਰ ਪੰਜਾਬ ਵਲੋਂ ਪ੍ਰਾਪਤ ਹਦਾਇਤ ਅਨੁਸਾਰ ਇਕ ਸਪੈਸ਼ਲ ਕੈਂਪ 7 ਜੂਨ ਨੂੰ ਲਗਾਇਆ ਜਾ ਰਿਹਾ ਹੈ | ਸਪੈਸ਼ਲ ਕੈਂਪ ਦੌਰਾਨ ਬੀ.ਐੱਲ.ਓਜ਼. ਆਪਣੇ-ਆਪਣੇ ਸਬੰਧਤ ਪੋਲਿੰਗ ਸਟੇਸ਼ਨ 'ਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਬੈਠਣਗੇ ਅਤੇ ਅਨਮੈਪਡ ਵੋਟਰਾਂ ਦੀ ਮੈਪਿੰਗ ਕਰਨਗੇ | ਉਨ੍ਹਾਂ ਅੱਗੇ ਦੱਸਿਆ ਕਿ ਸਪੈਸ਼ਲ ਇੰਨਟੈਸਿਵ ਰਵੀਜ਼ਨ ਦੇ ਸਬੰਧ ਵਿਚ ਜਿਹੜੇ ਵੋਟਰਾਂ ਦੀ ਮੈਪਿੰਗ ਮੌਜੂਦਾ ਵੋਟਰ ਸੂਚੀ ਨਾਲ ਨਹੀ ਹੋਈ ਹੈ, ਉਨ੍ਹਾਂ ਨੂੰ ਮੈਪ ਕਰਨ ਲਈ ਇਹ ਸਪੈਸ਼ਲ ਕੈਂਪ ਲਗਾਇਆ ਜਾਵੇਗਾ | ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਵਲੋਂ ਅਜੇ ਤੱਕ ਆਪਣੀ ਵੋਟ ਨੂੰ ਵੋਟਰ ਸੂਚੀ 2003 ਨਾਲ ਮੈਪਿੰਗ ਨਹੀਂ ਕਰਵਾਈ ਗਈ, ਉਹ ਇਸ ਸਪੈਸ਼ਲ ਕੈਂਪ ਵਿਚ ਪਹੁੰਚ ਕੇ ਬੀ.ਐਲ.ਓਜ਼ ਨਾਲ ਸੰਪਰਕ ਕਰਨ ਅਤੇ ਮੈਪਿੰਗ ਦੇ ਕੰਮ ਨੂੰ 100 ਫੀਸਦੀ ਮੁਕੰਮਲ ਕਰਨ ਵਿਚ ਸਹਿਯੋਗ ਕਰਨ | ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਰਾਜਨੀਤਿਕ ਪਾਰਟੀ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਵਲੋਂ ਨਿਯੁਕਤ ਬੀ.ਐਲ.ਏਜ਼ ਨੂੰ 7 ਜੂਨ ਨੂੰ ਲੱਗਣ ਵਾਲੇ ਸਪੈਸ਼ਲ ਕੈਂਪਾਂ ਵਿਚ ਮੈਪਿੰਗ ਦੇ ਕੰਮ ਵਿਚ ਬੀ.ਐੱਲ.ਓਜ਼ ਦੇ ਸਹਿਯੋਗ ਲਈ ਜਰੂਰ ਭੇਜਣ |