ਤਰਨ ਤਾਰਨ, 2 ਜੂਨ (ਹਰਿੰਦਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਠਰੂ ਦੀ ਅਗਵਾਈ ਹੇਠ ਰਾਜਪਾਲ ਦੇ ਨਾਂਅ 'ਤੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੂੰ ਦਿੱਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਲੋਕਾਂ ਲਈ ਮੁੱਦਿਆਂ ਦੀ ਲੜਾਈ ਲੜ ਰਹੀ ਹੈ, ਤਾਕਿ ਸਰਕਾਰ ਨੂੰ ਲੋਕਾਂ ਦੀਆਂ ਮੰਗਾਂ ਮੰਨਣ ਨੂੰ ਮਜ਼ਬੂਰ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਵਿਚ ਸੋਧ ਲਾਜ਼ਮੀ ਹੈ, ਕਿਉਂਕਿ ਇਹ ਕਾਨੂੰਨ ਕਾਹਲੀ ਨਾਲ ਦੇਸ਼-ਵਿਦੇਸ਼ ਦੀਆਂ ਜ਼ਿੰਮੇਵਾਰ ਸਿੱਖ ਸੰਸਥਾਵਾਂ ਅਤੇ ਸਿੱਖ ਵਿਦਵਾਨਾਂ ਦੀ ਸਲਾਹ ਲਏ ਬਿਨਾਂ ਪਾਸ ਕੀਤਾ ਗਿਆ | ਸ਼ੋ੍ਰਮਣੀ ਕਮੇਟੀ ਨੇ ਵੀ ਆਪਣਾ ਬਣਦਾ ਰੋਲ ਨਹੀਂ ਨਿਭਾਇਆ, ਜਿਸ ਕਾਰਨ ਸਰਕਾਰ ਅਤੇ ਸਿੱਖ ਸੰਸਥਾਵਾਂ ਵਿਚਕਾਰ ਤਕਰਾਰ ਦੀ ਸਥਿਤੀ ਪੈਦਾ ਹੋ ਗਈ ਹੈ | ਇਸ ਕਾਨੂੰਨ ਵਿਚ ਸੇਵਾ ਸੰਭਾਲ ਕਰਨ ਵਾਲਿਆਂ ਨੂੰ ਹੀ ਦੋਸ਼ੀਆਂ ਦੇ ਬਰਾਬਰ ਖੜ੍ਹਾ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਫ਼ੌਜੀ ਹਮਲੇ ਦੇ ਦੋਸ਼ੀ ਇੰਦਰਾ ਗਾਂਧੀ ਨੂੰ ਦੋਸ਼ੀ ਕਰਾਰ ਦੇ ਕੇ ਉਸ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ ਅਤੇ ਭਾਰਤ ਸਰਕਾਰ ਪਾਰਲੀਮੈਂਟ ਵਿਚ ਉਸ ਸਾਕੇ ਲਈ ਮੁਆਫ਼ੀ ਮੰਗੇ | ਉਨ੍ਹਾਂ ਕਿਹਾ ਕਿ ਬੇਅਦਬੀਆਂ ਸੰਬੰਧੀ ਸਿਰਸਾ ਮੁਖੀ ਗੁਰਮਤਿ ਰਾਮ ਰਹੀਮ ਅਤੇ ਹਨੀ ਪ੍ਰੀਤ ਕੌਰ ਦਾ ਨਾਂਅ ਵੱਖ ਵੱਖ ਜਾਂਚ ਏਜੰਸੀ ਰਿਪੋਰਟਾਂ ਵਿਚ ਜਾਹਿਰ ਹੋ ਚੁੱਕਾ ਹੈ, ਪਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੀ ਚੋਣ 2011 ਤੋਂ ਬਾਅਦ ਨਹੀਂ ਹੋਈ | ਇਸ ਲਈ ਇਹ ਚੋਣਾਂ ਤੁਰੰਤ ਕਰਵਾਈਆਂ ਜਾਣ | ਉਨ੍ਹਾਂ ਨੇ ਲੰਮੇ ਸਮੇਂ ਤੋਂ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਮੰਗ ਰਾਜਪਾਲ ਦੇ ਅੱਗੇ ਰੱਖੀ | ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਲ ਨਾਲ ਫ਼ਸਲਾਂ ਦੇ ਘੱਟੋ ਘੱਟ ਸਮੱਰਥਨ ਮੁੱਲ ਦੀ ਵੀ ਮੰਗ ਕੀਤੀ | ਉਨ੍ਹਾਂ ਨੇ ਰਾਜਸਥਾਨ ਅਤੇ ਹਰਿਆਣਾ ਨੂੰ ਦਿੱਤੇ ਜਾ ਰਹੇ ਪਾਣੀ ਦਾ ਮੁੱਲ ਨਿਰਧਾਰਿਤ ਕਰਕੇ 1966 ਤੋਂ ਮੁਆਵਜ਼ਾ ਦੇਣ, ਬਿਜਲਈ ਡੈਮਾਂ ਦਾ ਕੰਟਰੋਲ ਪੰਜਾਬ ਸਰਕਾਰ ਹਵਾਲੇ ਕਰਨ ਅਤੇ ਬੰਦ ਪਏ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਵੀ ਖੋਲ੍ਹਣ ਦੀ ਮੰਗ ਕੀਤੀ | ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਠਰੂ, ਹੀਰਾ ਸਿੰਘ ਨੰਬਰਦਾਰ, ਨਰਿੰਦਰ ਸਿੰਘ ਠਰੂ, ਪਰਮਜੀਤ ਸਿੰਘ ਠਰੂ, ਸੇਵਾ ਸਿੰਘ ਠਰੂ, ਜਤਿੰਦਰ ਸਿੰਘ ਠਰੂ, ਰਜਿੰਦਰ ਸਿੰਘ ਫ਼ੌਜੀ, ਰਸ਼ਪਾਲ ਸਿੰਘ ਮੱਤੇਵਾਲ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਆਦਿ ਵੀ ਮੌਜੂਦ ਸਨ |